ਆਂਧਰਾ ਪ੍ਰਦੇਸ਼ ਵਿਚ ਬੱਸ ਪਲਟੀ; 9 ਮੌਤਾਂ, 22 ਜ਼ਖ਼ਮੀ
ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਵਿਚ ਸ਼ੁੱਕਰਵਾਰ ਵੱਡੇ ਤੜਕੇ ਬੱਸ ਦੇ ਸੜਕ ਕੰਢੇ ਪਲਟਣ ਕਰਕੇ ਘੱਟੋ ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 22 ਹੋਰ ਜ਼ਖਮੀ ਦੱਸੇ ਜਾਂਦੇ ਹਨ। ਜ਼ਖ਼ਮੀਆਂ ’ਚੋਂ ਚਾਰ ਦੀ ਹਾਲਤ ਨਾਜ਼ੁਕ ਹੈ। ਪੁਲੀਸ ਮੁਤਾਬਕ ਬੱਸ ਚਿੱਤੂਰ ਤੋਂ ਗੁਆਂਢੀ ਸੂਬੇ ਤਿਲੰਗਾਨਾ ਜਾ ਰਹੀ ਸੀ। ਇਸ ਵਿਚ ਡਰਾਈਵਰ ਤੇ ਕਲੀਨਰ ਸਣੇ 37 ਵਿਅਕਤੀ ਸਵਾਰ ਸਨ ਜਿਨ੍ਹਾਂ ਵਿਚੋਂ ਛੇ ਜਣੇ ਸੁਰੱਖਿਅਤ ਹਨ।
ਐੱਸਪੀ ਅਮਿਤ ਬਰਦਾਰ ਨੇ ਕਿਹਾ ਕਿ ਹਾਦਸਾ ਤੜਕੇ ਸਾਢੇ ਚਾਰ ਵਜੇ ਦੇ ਕਰੀਬ ਚਿੰਤੂਰ-ਮਾਰੇਡੁਮਿਲੀ ਘਾਟ ਰੋਡ ’ਤੇ ਦੁਰਗਾ ਮੰਦਰ ਨੇੜੇ ਹੋਇਆ। ਪੁਲੀਸ ਅਧਿਕਾਰੀ ਨੇ ਕਿਹਾ, ‘‘ਹਾਦਸੇ ਵਿਚ ਘੱਟੋ ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਤੇ 22 ਹੋਰ ਜ਼ਖਮੀ ਹਨ। ਬੱਸ ਸੜਕ ਕੰਢੇ ਉਤਰਨ ਮਗਰੋਂ ਪਲਟ ਗਈ, ਪਰ ਹੇਠਾਂ ਖੱਡ ਵਿਚ ਨਹੀਂ ਡਿੱਗੀ। ਜ਼ਖ਼ਮੀਆਂ ’ਚੋਂ ਚਾਰ ਦੀ ਹਾਲਤ ਨਾਜ਼ੁਕ ਹੈ।’’
ਅਧਿਕਾਰੀ ਮੁਤਾਬਕ ਬੱਸ ਡਰਾਈਵਰ ਨੂੰ ਸ਼ਾਇਦ ਸੰਘਣੀ ਧੁੰਦ ਕਰਕੇ ਤਿੱਖਾ ਮੋੜ ਨਜ਼ਰ ਨਹੀਂ ਆਇਆ ਤੇ ਹਾਦਸਾ ਵਾਪਰ ਗਿਆ। ਬੱਸ ਵਿਚ ਸਵਾਰ ਮੁਸਾਫ਼ਰ ਚਿਤੂਰ ਤੋਂ ਤਿਲੰਗਾਨਾ ਦੇ ਭੱਦਰਾਚਾਲਮ ਵਿਚਲੇ ਸ੍ਰੀ ਰਾਮ ਮੰਦਰ ਜਾ ਰਹੇ ਸਨ।
