ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀਆਂ ਸਣੇ ਹੋਰ ਸੈਲਾਨੀਆਂ ਵਾਲੀ ਬੱਸ ਨਿਊਯਾਰਕ ਹਾਈਵੇਅ ’ਤੇ ਪਲਟੀ; ਪੰਜ ਹਲਾਕ, 40 ਜ਼ਖ਼ਮੀ

ਨਿਆਗਰਾ ਫਾਲ ਤੋਂ ਨਿਊਯਾਰਕ ਜਾ ਰਹੀ ਸੀ ਬੱਸ;   ਯਾਤਰੀਆਂ ’ਚ ਭਾਰਤੀ, ਚੀਨੀ ਤੇ ਫਿਲਪੀਨੀ ਲੋਕ ਸ਼ਾਮਲ
ਹਾਦਸਾਗ੍ਰਸਤ ਬੱਸ ’ਚੋਂ ਯਾਤਰੀਆਂ ਨੂੰ ਕੱਢਣ ਦਾ ਯਤਨ ਕਰਦੇ ਹੋਏ ਬਚਾਅ ਦਲ ਦੇ ਮੈਂਬਰ।
Advertisement

ਅਮਰੀਕਾ ਵਿੱਚ ਨਿਆਗਰਾ ਫਾਲ ਤੋਂ ਹਾਈਵੇਅ 90 ਰਾਹੀਂ ਨਿਊਯਾਰਕ ਜਾਂਦੀ ਹੋਈ ਸੈਲਾਨੀ ਬੱਸ ਪੈਂਬਰੋਕ ਕੋਲ ਪਲਟ ਗਈ, ਜਿਸ ਕਾਰਨ 5 ਯਾਤਰੀਆਂ ਦੀ ਮੌਤ ਹੋ ਗਈ ਜਦਕਿ 40 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਐੰਬੂਲੈਂਸ ਹੈਲੀਕੌਪਟਰਾਂ ਰਾਹੀਂ ਬਫਲੋ ਦੇ ਹਸਪਤਾਲ ਪਹੁੰਚਾਇਆ ਗਿਆ। ਬੱਸ ਵਿੱਚ 1 ਤੋਂ 74 ਸਾਲ ਦੇ 54 ਯਾਤਰੀ ਸਵਾਰ ਸਨ, ਜੋ ਭਾਰਤ, ਚੀਨ ਅਤੇ ਫਿਲਪੀਨ ਤੋਂ ਸੈਰ ਸਪਾਟੇ ਲਈ ਆਏ ਸਨ। ਹਾਦਸਾ ਸਥਾਨਕ ਸਮੇਂ ਮੁਤਾਬਕ ਦੁਪਹਿਰ ਸਵਾ 12 ਵਜੇ ਬਫਲੋ ਤੋਂ 40 ਕੁ ਕਿਲੋਮੀਟਰ ਦੂਰ ਵਾਪਰਿਆ। ਖਬਰ ਲਿਖੇ ਜਾਣ ਤੱਕ ਪੁਲੀਸ ਨੇ ਕਿਸੇ ਦੀ ਵੀ ਪਹਿਚਾਣ ਜਨਤਕ ਨਹੀਂ ਕੀਤੀ ਸੀ।

ਨਿਊਯਾਰਕ ਸੂਬੇ ਦੀ ਗਵਰਨਰ ਕੈਥੀ ਹੋਚਲ ਨੇ ਐਕਸ ਖਾਤੇ ’ਤੇ ਪੋਸਟ ਰਾਹੀਂ ਹਾਦਸੇ ’ਤੇ ਦੁੱਖ ਪ੍ਰਗਟਾਉਂਦਿਆਂ ਹੋਏ ਜ਼ਖ਼ਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਦੁੱਖ ਵੰਡਾਉਣ ਵਿੱਚ ਕਸਰ ਨਹੀਂ ਛੱਡੇਗੀ।

Advertisement

 

 ਪੁਲੀਸ ਬੁਲਾਰੇ ਐਂਡਰੇ ਰੇਅ ਨੇ ਦੱਸਿਆ ਕਿ ਨਿੱਜੀ ਟੂਰਿਸਟ ਬੱਸ ਕੰਪਨੀ ਦੀ ਬੱਸ ਆਮ ਰਫ਼ਤਾਰ ਨਾਲ ਹਾਈਵੇਅ 90 ’ਤੇ ਜਾ ਰਹੀ ਸੀ ਕਿ ਅਚਾਨਕ ਹੀ ਇਹ ਸੱਜੇ ਪਾਸੇ ਸੜਕ ਤੋਂ ਲਹਿ ਕੇ ਪਲਟ ਗਈ। ਬਚਾਅ ਦਲ ਵਲੋਂ ਬੱਸ ਦੇ ਸ਼ੀਸ਼ੇ ਤੋੜ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। 

ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਵਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਡਰਾਈਵਰ ਦੀ ਲਾਪ੍ਰਵਾਹੀ ਦੇ ਸੰਕੇਤ ਨਹੀਂ ਹਨ। ਮਾਰੇ ਗਏ ਪੰਜੇ ਯਾਤਰੀ ਬਾਲਗ ਸਨ। ਪੁਲੀਸ ਅਧਿਕਾਰੀ ਰੇਅ ਨੇ ਦੱਸਿਆ ਕਿ ਯਾਤਰੀਆਂ ਦਾ ਪਿਛੋਕੜ ਭਾਰਤੀ, ਚੀਨੀ ਅਤੇ ਫਿਲਪੀਨੀ ਹੋਣ ਕਰਕੇ ਉਨ੍ਹਾਂ ਦੀ ਗੱਲ ਸਮਝਣ ਅਤੇ ਸਮਝਾਉਣ ਲਈ ਦੋ-ਭਾਸ਼ੀਆਂ ਦੀਆਂ ਸੇਵਾਵਾਂ ਲਈਆਂ ਗਈਆਂ। ਬਫਲੋ ਹਸਪਤਾਲ ਦੇ ਡਾ. ਜੈਫਰੀ ਬ੍ਰੈਵਰ ਅਨੁਸਾਰ ਦੋ ਗੰਭੀਰ ਜ਼ਖ਼ਮੀਆਂ ਦੇ ਅਪਰੇਸ਼ਨ ਕਰਕੇ ਜਾਨਾਂ ਬਚਾਅ ਲਈਆਂ ਗਈਆਂ ਜਦ ਕਿ 38 ਹੋਰ ਹਾਲੇ ਜ਼ੇਰੇ ਇਲਾਜ ਪਰ ਖ਼ਤਰੇ ਤੋਂ ਬਾਹਰ ਹਨ। ਹਾਦਸੇ ਨੂੰ ਅੱਖੀ ਵੇਖਣ ਵਾਲਿਆਂ ਅਨੁਸਾਰ ਬੱਸ ਵਿੱਚ ਯਾਤਰੀਆਂ ਦਾ ਚੀਕ ਚਿਹਾੜਾ ਸੁਣਿਆ ਨਹੀਂ ਸੀ ਜਾ ਰਿਹਾ। ਉਨ੍ਹਾਂ ਕਿਹਾ ਕਿ ਯਾਤਰੀਆਂ ਵਲੋਂ ਸੀਟ ਬੈਲਟਾਂ ਨਾ ਲਾਏ ਜਾਣਾ ਉਨ੍ਹਾਂ ਦੇ ਜ਼ਖ਼ਮੀ ਹੋਣ ਦਾ ਵੱਡਾ ਕਾਰਨ ਬਣਿਆ। ਇੱਕ ਹੋਰ ਨੇ ਕਿਹਾ ਕਿ ਬੱਸ ਦੇ ਬੱਸ ਏਅਰ ਕੰਡੀਸ਼ਨਡ ਹੋਣ ਕਰਕੇ ਉਸ ਦੇ ਸ਼ੀਸ਼ੇ ਤੋੜਨ ਵਿੱਚ ਦਿੱਕਤ ਪੇਸ਼ ਆਈ, ਜਿਸ ਕਾਰਨ ਜ਼ਖਮੀਆਂ ਨੂੰ ਡਾਕਟਰੀ ਮਦਦ ਵਿੱਚ ਥੋੜ੍ਹੀ ਦੇਰੀ ਹੋ ਗਈ। ਉਨ੍ਹਾਂ ਹੋਰ ਦੱਸਿਆ ਕਿ ਡਾਕਟਰੀ ਮਦਦ ਤੋਂ ਪਹਿਲਾਂ ਹੀ ਪੰਜ ਯਾਤਰੀ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਗਏ ਸਨ। 

ਹਾਦਸੇ ਕਾਰਨ ਹਾਈਵੇਅ 90 ਦੀ ਆਵਾਜਾਈ ਕੁਝ ਘੰਟਿਆਂ ਤੱਕ ਬੰਦ ਰੱਖੀ ਗਈ ਤੇ ਵਾਹਨਾਂ ਨੂੰ ਹੋਰ ਰਸਤੇ ਇੱਧਰ-ਉੱਧਰ ਜਾਣ ਲਈ ਕਿਹਾ ਗਿਆ। ਸ਼ਾਮ ਵੇਲੇ ਪੱਛਮ ਨੂੰ ਜਾਂਦੀ ਆਵਾਜਾਈ ਖੋਲ੍ਹ ਦਿੱਤੀ ਗਈ, ਪਰ ਪੂਰਬ (ਨਿਊਯਾਰਕ) ਵੱਲ ਨੂੰ ਜਾਣ ਵਾਲੇ ਪਾਸੇ ਨੂੰ ਹਾਦਸੇ ਦੀ ਜਾਂਚ ਪੂਰੀ ਹੋਣ ਤੱਕ ਬੰਦ ਰੱਖੇ ਜਾਣ ਬਾਰੇ ਕਿਹਾ ਜਾ ਰਿਹਾ ਸੀ। ਪਤਾ ਲੱਗਾ ਹੈ ਕਿ ਬਹੁਤੇ ਯਾਤਰੀ ਪਰਿਵਾਰਾਂ ਸਮੇਤ ਸਫਰ ਕਰ ਰਹੇ ਸਨ ਤੇ ਲੰਘੀ ਰਾਤ ਉਨ੍ਹਾਂ ਨਿਆਗਰਾ ਫਾਲ ਵਿੱਖੇ ਕੱਟੀ ਸੀ।

 

Advertisement