Bus accident ਗੁਜਰਾਤ ਵਿਚ ਬੇਕਾਬੂ ਬੱਸ ਖੱਡ ’ਚ ਡਿੱਗੀ, 5 ਹਲਾਕ, 35 ਜ਼ਖ਼ਮੀ
ਡਾਂਗ(ਗੁਜਰਾਤ), 2 ਫਰਵਰੀ
ਗੁਜਰਾਤ ਦੇ ਡਾਂਗ ਜ਼ਿਲ੍ਹੇ ਵਿਚ ਐਤਵਾਰ ਵੱਡੇ ਤੜਕੇ ਇਕ ਨਿੱਜੀ ਬੱਸ ਦੇ ਡੂੰਘੀ ਖੱਡ ਵਿਚ ਡਿੱਗਣ ਕਰਕੇ ਡਰਾਈਵਰ ਤੇ ਦੋ ਮਹਿਲਾਵਾਂ ਸਣੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 35 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਬੱਸ ਵਿਚ ਕੁੱਲ 48 ਸ਼ਰਧਾਲੂ ਸਵਾਰ ਸਨ, ਜੋ ਵੱਖ ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਨਿਕਲੇ ਸਨ। ਜ਼ਖ਼ਮੀਆਂ ਵਿਚੋਂ 17 ਜਣਿਆਂ ਦੇ ਗੰਭੀਰ ਸੱਟਾਂ ਲੱਗੀਆਂ ਹੈ।
ਐੱਸਪੀ ਐੱਸਜੀ ਪਾਟਿਲ ਨੇ ਕਿਹਾ ਕਿ ਹਾਦਸਾ ਸਵੇਰੇ ਸਵਾ ਚਾਰ ਵਜੇ ਦੇ ਕਰੀਬ ਹੋਇਆ ਜਦੋਂ ਸਪੁਤਾਰਾ ਹਿੱਲ ਸਟੇਸ਼ਨ ਨੇੜੇ ਬੱਸ ਬੇਕਾਬੂ ਹੋ ਗਈ। ਬੱਸ ਸਾਈਡਾਂ ’ਤੇ ਲੱਗੀਆਂ ਰੋਕਾਂ ਨੂੰ ਤੋੜਦੀ ਹੋਈ 35 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ। ਅਧਿਕਾਰੀ ਨੇ ਕਿਹਾ ਕਿ ਪੰਜ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ 17 ਹੋਰਨਾਂ ਗੰਭੀਰ ਜ਼ਖ਼ਮੀਆਂ ਨੂੰ ਆਹਵਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਕੁਝ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
ਪੁਲੀਸ ਮੁਤਾਬਕ ਹਾਦਸੇ ਵਿਚ ਫੌਤ ਹੋਣ ਵਾਲਿਆਂ ’ਚ ਬੱਸ ਦਾ ਡਰਾਈਵਰ ਤੇ ਦੋ ਮਹਿਲਾਵਾਂ ਵੀ ਸ਼ਾਮਲ ਹਨ। ਨੇੜਲੇ ਕਮਿਊਨਿਟੀ ਸਿਹਤ ਕੇਂਦਰ ਵਿਚ ਕੁੱਲ 35 ਯਾਤਰੀ ਜ਼ੇਰੇ ਇਲਾਜ ਹਨ ਤੇ 17 ਜਣਿਆਂ ਨੂੰ ਆਹਵਾ ਦੇ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਹੈ। ਬੱਸ ਵਿਚ ਸਵਾਰ ਮੁਸਾਫ਼ਰ ਮੱਧ ਪ੍ਰਦੇਸ਼ ਦੇ ਗੁਨਾ, ਸ਼ਿਵਪੁਰੀ ਤੇ ਅਸ਼ੋਕ ਨਗਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਹ ਸਾਰੇ ਜਣੇ 23 ਦਸੰਬਰ ਨੂੰ ਚਾਰ ਬੱਸਾਂ ਉੱਤੇ ਵੱਖ ਵੱਖ ਰਾਜਾਂ ਵਿਚ ਪੈਂਦੇ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਨਿਕਲੇ ਸਨ।
ਹਾਦਸੇ ਦੇ ਮ੍ਰਿਤਕਾਂ ਦੀ ਪਛਾਣ ਬੱਸ ਡਰਾਈਵਰ ਰਤਨਲਾਲ ਯਾਦਵ, ਭੋਲਾਰਾਮ ਕੋਸਵਾ, ਬਿਜਰੋਨੀ ਯਾਦਵ, ਗੁੱਡੀਬਾਈ ਯਾਦਵ ਤੇ ਕੈਲਾਸ਼ਬਾਈ ਯਾਦਵ ਵਜੋਂ ਦੱਸੀ ਗਈ ਹੈ। ਸਥਾਨਕ ਲੋਕਾਂ ਤੇ ਪੁੁਲੀਸ ਅਮਲੇ ਦੀ ਮਦਦ ਨਾਲ ਯਾਤਰੀਆਂ ਨੂੰ ਬੱਸ ਵਿਚੋਂ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ। -ਪੀਟੀਆਈ
ਬਰੇਕ ਫੇਲ੍ਹ ਹੋਣ ਕਾਰਨ ਹਾਦਸਾ ਵਾਪਰਨ ਦਾ ਖਦਸ਼ਾ
ਡਾਂਗ ਦੇ ਜ਼ਿਲ੍ਹਾ ਮੈਜਿਸਟਰੇਟ ਮਹੇਸ਼ ਪਟੇਲ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਲਿਜਾ ਰਹੀਆਂ ਚਾਰ ਬੱਸਾਂ ’ਚੋਂ ਇੱਕ ਖੱਡ ਵਿੱਚ ਡਿੱਗ ਗਈ। ਉਨ੍ਹਾਂ ਕਿਹਾ, ‘ਯਾਤਰੀਆਂ ਅਨੁਸਾਰ ਉਨ੍ਹਾਂ ਨੇ ਆਪਣੀ ਯਾਤਰਾ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਸਪੁਤਾਰਾ ਵਿੱਚ ਨਾਸ਼ਤਾ ਕੀਤਾ। ਬਰੇਕ ਫੇਲ੍ਹ ਹੋਣ ਕਾਰਨ ਇਹ ਹਾਦਸਾ ਵਾਪਰਨ ਦਾ ਖਦਸ਼ਾ ਹੈ।’ ਮ੍ਰਿਤਕਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਰਹਿਣ ਵਾਲੇ (ਬੱਸ ਡਰਾਈਵਰ) ਰਤਨ ਲਾਲ, ਬੋਲਾਰਾਮ ਕੁਸ਼ਵਾਹ, ਪੱਪੂ ਯਾਦਵ, ਗੁੱਡੀ ਬਾਈ ਅਤੇ ਕਮਲੇਸ਼ ਯਾਦਵ ਵਜੋਂ ਹੋਈ ਹੈ।