bullet train: ਵੈਸ਼ਨਵ ਤੇ ਜਪਾਨ ਦੇ ਮੰਤਰੀ ਵੱਲੋਂ ਸੂਰਤ ਦਾ ਦੌਰਾ
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਜਪਾਨ ਦੇ ਟਰਾਂਸਪੋਰਟ ਮੰਤਰੀ ਹਿਰੋਮਾਸਾ ਨਾਕਾਨੋ ਨੇ ਬੁਲੇਟ ਟਰੇਨ ਪ੍ਰਾਜੈਕਟ ਦੀ ਸਮੀਖਿਆ ਲਈ ਸ਼ੁੱਕਰਵਾਰ ਨੂੰ ਸੂਰਤ ਵਿਖੇ ਹਾਈ-ਸਪੀਡ ਰੇਲ ਨਿਰਮਾਣ ਸਥਾਨ ਦਾ ਦੌਰਾ ਕੀਤਾ। ਰੇਲ ਮੰਤਰਾਲੇ ਅਨੁਸਾਰ ਇਹ ਦੌਰਾ ਭਾਰਤ ਦੇ ਪਹਿਲੇ ਹਾਈ-ਸਪੀਡ ਰੇਲ ਕਾਰੀਡੋਰ ਲਈ ਭਾਰਤ ਅਤੇ ਜਪਾਨ ਵਿਚਾਲੇ ਮਜ਼ਬੂਤ ਸਹਿਯੋਗ ਨੂੰ ਦਰਸਾਉਂਦਾ ਹੈ।
ਰੇਲ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘ਮੰਤਰੀਆਂ ਨੇ ਪ੍ਰਾਜੈਕਟ ਦੇ ਮੁੱਖ ਹਿੱਸਿਆਂ, ਜਿਨ੍ਹਾਂ ਵਿੱਚ ਟਰੈਕ ਸਲੈਬ ਵਿਛਾਉਣ ਵਾਲੀ ਕਾਰ ਅਤੇ ਟਰੈਕ ਸਲੈਬ ਅਡਜਸਟਮੈਂਟ ਸੁਵਿਧਾ ਸ਼ਾਮਲ ਹਨ, ਦੀ ਸਮੀਖਿਆ ਕੀਤੀ। ਦੋਵਾਂ ਮੰਤਰੀਆਂ ਕੀਤੇ ਜਾ ਰਹੇ ਕੰਮ ਦੇ ਮਿਆਰ ’ਤੇ ਤਸੱਲੀ ਜ਼ਾਹਿਰ ਕੀਤੀ ਅਤੇ ਨਿਰਮਾਣ ਦੀ ਤੇਜ਼ ਰਫ਼ਤਾਰ ਦੀ ਸ਼ਲਾਘਾ ਕੀਤੀ।’ ਜਪਾਨ ਦੇ ਮੰਤਰੀ ਦੇ ਸਵਾਗਤ ਲਈ ਸੂਰਤ ਦੇ ਸੰਸਦ ਮੈਂਬਰ ਮੁਕੇਸ਼ ਦਲਾਲ, ਮੇਅਰ ਦਕਸ਼ੇਸ਼ ਮਾਵਾਨੀ, ਰੇਲਵੇ ਬੋਰਡ ਦੇ ਚੇਅਰਮੈਨ ਅਤੇ ਰੇਲਵੇ, ਐੱਨ ਐੱਚ ਐੱਸ ਆਰ ਸੀ ਐੱਲ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਦੋਵੇਂ ਮੰਤਰੀਆਂ ਨੇ ਵੰਦੇ ਭਾਰਤ ਐਕਸਪ੍ਰੈੱਸ ਵਿੱਚ ਸੂਰਤ ਤੋਂ ਮੁੰਬਈ ਤੱਕ ਸਫ਼ਰ ਕੀਤਾ। ਬਿਆਨ ਵਿੱਚ ਕਿਹਾ ਗਿਆ ਹੈ, ‘ਉਨ੍ਹਾਂ ਮੁੰਬਈ ਵਿੱਚ ਬਾਂਦਰਾ ਕੁਰਲਾ ਕੰਪਲੈਕਸ (ਬੀ ਕੇ ਸੀ) ਬੁਲੇਟ ਟਰੇਨ ਸਟੇਸ਼ਨ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਮੰਤਰੀ ਨਾਕਾਨੋ ਅਤੇ ਜਪਾਨੀ ਟੀਮ ਨੇ ਵੰਦੇ ਭਾਰਤ ਟਰੇਨ ਦੀ ਗੁਣਵੱਤਾ ’ਤੇ ਖੁਸ਼ੀ ਪ੍ਰਗਟਾਈ।’