ਉੜੀਸਾ ਦੇ ਕੋਰਾਪੁਟ ’ਚ ਇਮਾਰਤ ਢਹਿ-ਢੇਰੀ; ਇੱਕ ਦੀ ਮੌਤ, 2 ਜ਼ਖ਼ਮੀ
ਉੜੀਸਾ ਦੇ ਕੋਰਾਪੁਟ ਜ਼ਿਲ੍ਹੇ ਵਿੱਚ ਮਾਰਕੀਟ ਕੰਪਲੈਕਸ ਵਿੱਚ ਇੱਕ ਦੁਕਾਨ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ।
ਪੁਲੀਸ ਨੇ ਦੱਸਿਆ ਕਿ ਇਹ ਘਟਨਾ ਕੋਰਾਪੁਟ ਸ਼ਹਿਰ ਵਿੱਚ ਕੌਂਮੀ ਰਾਜਮਾਰਗ-26 ਦੇ ਨਾਲ ਬਿਸ਼ਵਾਸ਼ਰੇਅ ਮਾਰਕੀਟਿੰਗ ਕੰਪਲੈਕਸ ਵਿੱਚ ਵਾਪਰੀ, ਜਿੱਥੇ ਇੱਕ ਦੋ ਮੰਜ਼ਿਲਾ ਇਮਾਰਤ ਢੇਰੀ ਹੋ ਗਈ।
ਮ੍ਰਿਤਕ ਦੀ ਪਛਾਣ ਪੀ ਲੋਕੇਸ਼ (63) ਵਜੋਂ ਹੋਈ ਹੈ, ਜੋ ਕਿ ਇੱਕ ਦੁਕਾਨਦਾਰ ਸੀ।
ਘਟਨਾ ਤੋਂ ਬਾਅਦ ਓਡੀਆਰਏਐਫ ਦੇ ਕਰਮਚਾਰੀ, ਫਾਇਰ ਸਰਵਿਸ ਦੇ ਕਰਮਚਾਰੀਆਂ ਮੌਕੇ ’ਤੇ ਪਹੁੰਚੇ, ਜਿਨ੍ਹਾਂ ਵੱਲੋਂ ਪੁਲੀਸ ਨਾਲ ਮਿਲ ਕੇ ਬਚਾਅ ਕਾਰਜ ਚਲਾਇਆ ਗਿਆ।
ਇਮਾਰਤ ਢਹਿਣ ਵਾਲੀ ਥਾਂ ਦਾ ਦੌਰਾ ਕਰਨ ਵਾਲੇ ਕੋਰਾਪੁਟ ਦੇ ਸਬ-ਕੁਲੈਕਟਰ ਪ੍ਰੇਮਲਾਲ ਹਿਆਲ ਨੇ ਕਿਹਾ, “ ਇੱਕ ਦੁਕਾਨ ਮਾਲਕ ਪੀ ਲੋਕੇਸ਼ ਦੀ ਮੌਤ ਹੋ ਗਈ।”
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਮਲਬੇ ਹੇਠ ਫਸੇ ਸਾਰੇ ਵਿਅਕਤੀਆਂ ਨੂੰ ਕੱਢ ਲਿਆ ਗਿਆ ਹੈ। ਦੁਕਾਨ ਲਗਾਤਾਰ ਪੈ ਰਹੇ ਮੀਂਹ ਕਰਕੇ ਕਮਜ਼ੋਰ ਹੋ ਗਈ ਸੀ ਅਤੇ ਘਟਨਾ ਸਮੇਂ ਮੁਰੰਮਤ ਅਧੀਨ ਸੀ।
ਬਚਾਅ ਕਾਰਜ ਦੌਰਾਨ ਸ਼ਹਿਰ ਵਿੱਚੋਂ ਲੰਘਦੇ ਹਾਈਵੇਅ ’ਤੇ ਵਾਹਨਾਂ ਦੀ ਆਵਾਜਾਈ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਗਿਆ ਸੀ।