BSP chief Mayawati removes nephew Akash Anand from key positions: ਮਾਇਆਵਤੀ ਨੇ ਆਪਣੇ ਉਤਰਾਧਿਕਾਰੀ ਆਕਾਸ਼ ਆਨੰਦ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ
ਲਖਨਊ, 2 ਮਾਰਚ
ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਆਪਣੇ ਉਤਰਾਧਿਕਾਰੀ ਆਕਾਸ਼ ਆਨੰਦ ਨੂੰ ਅੱਜ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਹੈ। ਮਾਇਆਵਤੀ ਨੇ ਰਾਜਧਾਨੀ ਲਖਨਊ ਵਿਚ ਪਾਰਟੀ ਦੀ ਕਾਰਜਕਾਰਨੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹਿੱਤਾਂ ਵਿਚ ਆਕਾਸ਼ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ ਗਿਆ ਹੈ।
ਬਸਪਾ ਮੁਖੀ ਨੇ ਆਪਣੇ ਭਰਾ ਆਨੰਦ ਕੁਮਾਰ ਅਤੇ ਰਾਮਜੀ ਗੌਤਮ ਨੂੰ ਦੇਸ਼ ਭਰ ਵਿੱਚ ਪਾਰਟੀ ਮਾਮਲਿਆਂ ਦੀ ਨਿਗਰਾਨੀ ਕਰਨ ਲਈ ਕੌਮੀ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਜਿਉਂਦੇ ਜੀਅ ਪਾਰਟੀ ਵਿੱਚ ਆਪਣੇ ਉੱਤਰਾਧਿਕਾਰੀ ਦਾ ਐਲਾਨ ਨਹੀਂ ਕਰੇਗੀ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਲਈ ਪਾਰਟੀ ਸਰਵਉੱਚ ਹੈ। ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਇਸ ਤੋਂ ਪਹਿਲਾਂ ਆਪਣੇ ਭਤੀਜੇ ਆਕਾਸ਼ ਆਨੰਦ ਦੇ ਸਹੁਰੇ ਅਸ਼ੋਕ ਸਿਧਾਰਥ ਨੂੰ ਗੁੱਟਬਾਜ਼ੀ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਬਸਪਾ ਵਿੱਚੋਂ ਕੱਢ ਦਿੱਤਾ ਸੀ। ਆਨੰਦ (30) ਬਸਪਾ ਦਾ ਕੌਮੀ ਕੋਆਰਡੀਨੇਟਰ ਅਤੇ ਮਾਇਆਵਤੀ ਦਾ ਸਿਆਸੀ ਉਤਰਾਧਿਕਾਰੀ ਸੀ। ਮਾਇਆਵਤੀ ਨੇ ਪਿਛਲੇ ਸਾਲ ਆਨੰਦ ਨੂੰ ਬਰਖ਼ਾਸਤ ਕਰ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਉਸ ਨੂੰ ਬਹਾਲ ਕਰਦਿਆਂ ਆਪਣਾ ਸਿਆਸੀ ਉਤਰਾਧਿਕਾਰੀ ਨਿਯੁਕਤ ਕਰ ਦਿੱਤਾ ਸੀ।
-ਪੀਟੀਆਈ