ਬੀਐੱਸਐੱਫ ਨੇ ਗੁਜਰਾਤ ਦੇ ਕੱਛ ’ਚ ਸਰਹੱਦ ਨੇੜਿਓਂ 15 ਪਾਕਿਸਤਾਨੀ ਮਛੇਰੇ ਫੜੇ
ਬੀਐੱਸਐੱਫ ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ 15 ਪਾਕਿਸਤਾਨੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਨ੍ਹਾਂ ਕੋਲੋਂ ਇੰਜਣ ਨਾਲ ਚੱਲਣ ਵਾਲੀ ਦੇਸੀ ਕਿਸ਼ਤੀ ਵੀ ਜ਼ਬਤ ਕੀਤੀ ਹੈ। ਬੀਐੱਸਐੱਫ ਨੇ ਕਿਹਾ ਕਿ ਰਾਜ ਦੇ ਕੱਛ ਖੇਤਰ ਵਿੱਚ ਕੋਰੀ ਕਰੀਕ ਵਿਖੇ ਸਥਿਤ ਸਰਹੱਦੀ ਚੌਕੀ ਨੇੜੇ ਇੱਕ ਅਣਪਛਾਤੀ ਕਿਸ਼ਤੀ ਮਿਲਣ ਦੀ ਸੂਚਨਾ ਮਗਰੋਂ ਸ਼ਨਿੱਚਰਵਾਰ ਨੂੰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਬੀਐਸਐਫ ਨੇ ਇੱਕ ਬਿਆਨ ਵਿੱਚ ਕਿਹਾ, ‘‘ਆਸ ਪਾਸ ਦੇ ਇਲਾਕਿਆਂ ਵਿੱਚ ਇੱਕ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਇਸ ਦੌਰਾਨ 15 ਪਾਕਿਸਤਾਨੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇੱਕ ਕਿਸ਼ਤੀ ਜ਼ਬਤ ਕੀਤੀ ਗਈ।’’
ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸਾਰੇ ਮਛੇਰੇ ਪਾਕਿਸਤਾਨ ਦੇ ਸਿੰਧ ਸੂਬੇ ਦੇ ਸੁਜਾਵਲ ਜ਼ਿਲ੍ਹੇ ਦੇ ਹਨ ਅਤੇ ਬੀਐੱਸਐੱਫ ਦੀ 68ਵੀਂ ਬਟਾਲੀਅਨ ਦੀ ਸਰਹੱਦੀ ਚੌਕੀ ਦੇ ਸਾਂਝੇ ਖੇਤਰ ਵਿੱਚ ਮਿਲੇ ਹਨ। ਕਿਸ਼ਤੀ ਵਿੱਚ ਕਰੀਬ 60 ਕਿਲੋ ਮੱਛੀ, ਮੱਛੀਆਂ ਫੜਨ ਵਾਲੇ ਨੌਂ ਜਾਲ, ਡੀਜ਼ਲ, ਬਰਫ਼, ਖਾਣ-ਪੀਣ ਦੀਆਂ ਚੀਜ਼ਾਂ ਅਤੇ ਲੱਕੜ ਦੀਆਂ ਸੋਟੀਆਂ ਸਨ। ਬੀਐਸਐਫ ਨੇ ਕਿਹਾ ਕਿ ਉਨ੍ਹਾਂ ਤੋਂ ਇੱਕ ਮੋਬਾਈਲ ਫੋਨ ਅਤੇ 200 ਰੁਪਏ ਦੀ ਪਾਕਿਸਤਾਨੀ ਕਰੰਸੀ ਵੀ ਜ਼ਬਤ ਕੀਤੀ ਗਈ ਹੈ।