ਬੀ ਆਰ ਐੱਸ ਆਗੂ ਕਵਿਤਾ ਵੱਲੋਂ ਪਾਰਟੀ ਤੋਂ ਅਸਤੀਫ਼ਾ
ਕੇ ਸੀ ਆਰ ਦੀ ਅਗਵਾਈ ਵਾਲੀ ਬੀ ਆਰ ਐੱਸ ਤੋਂ ਮੁਅੱਤਲ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਸੀਨੀਅਰ ਆਗੂ ਕੇ ਕਵਿਤਾ ਨੇ ਅੱਜ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਅਤੇ ਆਪਣੇ ਚਚੇਰੇ ਭਰਾ ਤੇ ਸਾਬਕਾ ਮੰਤਰੀ ਟੀ. ਹਰੀਸ਼ ਰਾਓ ਨੂੰ ਨਿਸ਼ਾਨੇ ’ਤੇ ਲਿਆ। ਪਾਰਟੀ ਦੇ ਸੰਸਥਾਪਕ ਅਤੇ ਤਿਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ (ਕੇ ਸੀ ਆਰ) ਦੀ ਧੀ ਕਵਿਤਾ ਨੇ ਵਿਧਾਨ ਪਰਿਸ਼ਦ ਮੈਂਬਰ ਵਜੋਂ ਵੀ ਅਸਤੀਫਾ ਦੇਣ ਦਾ ਐਲਾਨ ਕੀਤਾ ਅਤੇ ਸੰਕੇਤ ਦਿੱਤਾ ਕਿ ਉਸ ਦੇ ਪਿਤਾ ’ਤੇ ਉਸ ਖ਼ਿਲਾਫ਼ ਕਾਰਵਾਈ ਕਰਨ ਦਾ ‘ਦਬਾਅ’ ਸੀ। ਉਸ ਨੇ ਹਰੀਸ਼ ਰਾਓ ’ਤੇ ਕੇ ਸੀ ਆਰ ਪਰਿਵਾਰ ਖ਼ਿਲਾਫ਼ ‘ਸਾਜ਼ਿਸ਼’ ਰਚਣ ਦਾ ਦੋਸ਼ ਲਗਾਇਆ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 47 ਸਾਲਾ ਸਾਬਕਾ ਸੰਸਦ ਮੈਂਬਰ ਨੇ ਹਰੀਸ਼ ਰਾਓ ’ਤੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਵਿਚਾਲੇ ‘ਗੁਪਤ ਸਮਝੌਤਾ’ ਹੋਣ ਦਾ ਦੋਸ਼ ਲਗਾਇਆ। ਉਸ ਨੇ ਕਿਹਾ, ‘ਮੈਂ ਕਦੇ ਕਿਸੇ ਅਹੁਦੇ ਦੀ ਇੱਛਾ ਨਹੀਂ ਰੱਖੀ। ਮੈਂ ਵਿਧਾਨ ਪਰਿਸ਼ਦ ਦੇ ਚੇਅਰਮੈਨ ਨੂੰ ਅਸਤੀਫਾ ਪੱਤਰ ਭੇਜ ਰਹੀ ਹਾਂ... ਮੈਂ ਬੀ ਆਰ ਐੱਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਕੇ ਸੀ ਆਰ ਨੂੰ ਅਸਤੀਫਾ ਭੇਜ ਰਹੀ ਹਾਂ।’