ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਭਾਰਤ ਦੀ ਦੋ ਰੋਜ਼ਾ ਫੇਰੀ ਲਈ ਮੁੰਬਈ ਪੁੱਜੇ
ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਪਹੁੰਚੇ। ਮਹਾਰਾਸ਼ਟਰ ਦੇ ਰਾਜਪਾਲ ਆਚਾਰੀਆ ਦੇਵਵ੍ਰਤ, ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਨੇ ਲੰਡਨ ਤੋਂ ਇੱਕ ਵਪਾਰਕ ਵਫ਼ਦ ਨਾਲ ਆਏ ਸਟਾਰਮਰ ਦਾ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਸਵਾਗਤ ਕੀਤਾ। ਮੋਦੀ ਅਤੇ ਸਟਾਰਮਰ ਵੀਰਵਾਰ ਨੂੰ ਮੁੰਬਈ ਵਿੱਚ ਭਾਰਤ-ਯੂਕੇ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਕੜੀ ਵਜੋਂ ਮਿਲਣਗੇ। ਉਹ ਸ਼ਹਿਰ ਵਿੱਚ ਸੀਈਓ (ਮੁੱਖ ਕਾਰਜਕਾਰੀ ਅਧਿਕਾਰੀ) ਫੋਰਮ ਅਤੇ ‘ਗਲੋਬਲ ਫਿਨਟੈਕ ਫੈਸਟ’ ਦੇ ਛੇਵੇਂ ਐਡੀਸ਼ਨ ਵਿੱਚ ਸ਼ਾਮਲ ਹੋਣਗੇ।
ਮੋਦੀ ਅਤੇ ਸਟਾਰਮਰ ਤਜਵੀਜ਼ਤ ਮੁਲਾਕਾਤ ਦੌਰਾਨ ਭਾਰਤ-ਯੂਕੇ ਵਿਆਪਕ ਰਣਨੀਤਕ ਭਾਈਵਾਲੀ ਦੇ ਵੱਖ-ਵੱਖ ਪਹਿਲੂਆਂ ਵਿੱਚ ਪ੍ਰਗਤੀ ਦੀ ਸਮੀਖਿਆ ਕਰਨਗੇ, ਜੋ ਕਿ ਵਿਜ਼ਨ 2035 ਰੋਡਮੈਪ ਮੁਤਾਬਕ ਹੈ। ਇਸ ਵਿੱਚ ਵਪਾਰ ਅਤੇ ਨਿਵੇਸ਼, ਤਕਨਾਲੋਜੀ ਅਤੇ ਨਵੀਨਤਾ, ਰੱਖਿਆ, ਜਲਵਾਯੂ ਅਤੇ ਊਰਜਾ, ਸਿਹਤ, ਸਿੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਸਮੇਤ ਵੱਖ ਵੱਖ ਖੇਤਰਾਂ ਵਿੱਚ ਪਹਿਲਕਦਮੀਆਂ ਸ਼ਾਮਲ ਹਨ। ਦੋਵੇਂ ਆਗੂ ਕਾਰੋਬਾਰੀ ਅਤੇ ਉਦਯੋਗ ਦੇ ਨੇਤਾਵਾਂ ਨਾਲ ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ਵਿਚ ਪੇਸ਼ ਕੀਤੇ ਗਏ ਮੌਕਿਆਂ ਬਾਰੇ ਚਰਚਾ ਕਰਨਗੇ। ਇਹ ਸਮਝੌਤਾ ਭਾਰਤ-ਯੂਕੇ ਦਰਮਿਆਨ ਭਵਿੱਖੀ ਆਰਥਿਕ ਭਾਈਵਾਲੀ ਦਾ ਕੇਂਦਰੀ ਥੰਮ੍ਹ ਹੈ। ਉਹ ਖੇਤਰੀ ਅਤੇ ਵਿਸ਼ਵਵਿਆਪੀ ਮਹੱਤਵ ਦੇ ਮੁੱਦਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਦੋਵੇਂ ਆਗੂ ਉਦਯੋਗ ਮਾਹਰਾਂ, ਨੀਤੀ ਨਿਰਮਾਤਾਵਾਂ ਅਤੇ ਨਵੀਨਤਾਕਾਰਾਂ ਨਾਲ ਵੀ ਗੱਲਬਾਤ ਕਰਨਗੇ।