ਬਰਤਾਨਵੀਂ ਸੰਸਦ ਮੈਂਬਰ ਸੰਧੜ ਵਿਆਹ ਬੰਧਨ ’ਚ ਬੱਝੇ
ਬਰਤਾਨੀਆ ਵਿੱਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਜੀਵਨ ਸੰਧੜ ਆਪਣੀ ਸਾਥੀ ਸੰਸਦ ਮੈਂਬਰ ਲੂਈ ਜੋਨਸ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਹਾਂ ਆਗੂਆਂ ਨੇ ਲੰਡਨ ਵਿੱਚ ਰਵਾਇਤੀ ਸਿੱਖ ਤੇ ਇਸਾਈ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਨ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ।
ਈਸਟ ਮਿਡਲੈਂਡ ਖੇਤਰ ਦੇ ਲਾਫਬੋਰੋ ਤੋਂ ਸੰਸਦ ਮੈਂਬਰ ਸੰਧੜ ਨੇ ਇਸ ਮਹੀਨੇ ਛੁੱਟੀਆਂ ਦੌਰਾਨ ਕੀਤੇ ਵਿਆਹ ਦੇ ਦੋਵੇਂ ਸਮਾਰੋਹਾਂ ਦੀਆਂ ਤਸਵੀਰਾਂ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ। ਉਨ੍ਹਾਂ ਲਿਖਿਆ, ‘‘ਮੈਨੂੰ ਤੁਹਾਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਮੈਂ ਗਰਮੀ ਦੀਆਂ ਛੁੱਟੀਆਂ ਦੌਰਾਨ ਆਪਣੀ ਸਾਥੀ ਸੰਸਦ ਮੈਂਬਰ ਲੂਈ ਜੋਨਸ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਿਆ ਹਾਂ।’’ ਸੰਧੜ ਤੇ ਜੋਨਸ ਦੋ ਸਾਲ ਪਹਿਲਾਂ ਲੇਬਰ ਪਾਰਟੀ ਲਈ ਚੋਣ ਪ੍ਰਚਾਰ ਕਰਦੇ ਸਮੇਂ ਇਕ-ਦੂਜੇ ਦੇ ਨੇੜੇ ਆਏ ਸਨ। ਹਾਊਸ ਆਫ਼ ਕਾਮਨਜ਼ (ਬਰਤਾਨਵੀ ਸੰਸਦ ਦਾ ਹੇਠਲਾ ਸਦਨ) ਦੀ ਨੇਤਾ ਲੂਸੀ ਪਾਵੇਲ ਨੇ ਦਸੰਬਰ 2024 ਵਿੱਚ ਦੋਵੇਂ ਆਗੂਆਂ ਦੇ ਮੰਗਣੇ ਦਾ ਐਲਾਨ ਕੀਤਾ ਸੀ। ਸੰਧੜ ਨੇ ਪੋਸਟ ਕੀਤਾ, ‘‘ਮੈਂ ਲੂਈ ਨਾਲ ਲਾਫਬੋਰੋ ਵਿੱਚ ਮਿਲਿਆ ਸੀ ਅਤੇ ਇਸ ਲਈ ਮੈਂ ਆਪਣੇ ਆਪ ਨੂੰ ਕਾਫੀ ਖੁਸ਼ਕਿਸਮਤ ਮੰਨਦਾ ਹਾਂ। ਵਿਆਹ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਸੀ। ਮੈਂ ਬਹੁਤ ਖੁਸ਼ ਹਾਂ ਅਤੇ ਅਸੀਂ ਆਪਣੇ ਸਾਂਝੇ ਭਵਿੱਖ ਦਾ ਅਗਲਾ ਅਧਿਆਏ ਸ਼ੁਰੂ ਕਰਨ ਲਈ ਕਾਫੀ ਉਤਸ਼ਾਹਿਤ ਹਾਂ।’’ ਜੋਨਸ ਈਸਟ ਮਿਡਲੈਂਡ ਖੇਤਰ ਦੇ ਨੌਰਥ-ਈਸਟ ਡਰਬੀਸ਼ਾਇਰ ਤੋਂ ਲੇਬਰ ਪਾਰਟੀ ਦੀ ਸੰਸਦ ਮੈਂਬਰ ਹੈ। ਉਨ੍ਹਾਂ ਨੇ ਸੰਧੜ ਨਾਲ ਵਿਆਹ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਤੀ ਦਾ ਉਪ ਨਾਮ ਅਪਣਾਏਗੀ। -ਪੀਟੀਆਈ