ਬ੍ਰਿਕਸ ਬਹੁਧਿਰੀ ਵਪਾਰ ਪ੍ਰਣਾਲੀ ਦਾ ਬਚਾਅ ਕਰੇ: ਜੈਸ਼ੰਕਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟੈਰਿਫ ਸਬੰਧੀ ਅਸਥਿਰਤਾ ਦਰਮਿਆਨ ਬ੍ਰਿਕਸ ਨੂੰ ਬਹੁਧਿਰੀ ਵਪਾਰ ਪ੍ਰਣਾਲੀ ਦਾ ਬਚਾਅ ਕਰਨ ਦਾ ਸੱਦਾ ਦਿੱਤਾ ਹੈ। ਅਮਰੀਕਾ ਵੱਲੋਂ ਭਾਰਤ ’ਤੇ 50 ਫ਼ੀਸਦ ਟੈਰਿਫ ਲਗਾਏ ਜਾਣ ਦੇ ਕੁਝ ਹਫ਼ਤਿਆਂ ਬਾਅਦ ਜੈਸ਼ੰਕਰ ਨੇ ਇਹ ਟਿੱਪਣੀ ਕੀਤੀ ਹੈ। ਉਨ੍ਹਾਂ ਇਹ ਗੱਲ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਅੱਡ ਬ੍ਰਿਕਸ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਆਖੀ। ਜੈਸ਼ੰਕਰ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ‘‘ਅਜਿਹੇ ਸਮੇਂ ’ਚ ਜਦੋਂ ਬਹੁਧਿਰਵਾਦ ਦਬਾਅ ਹੇਠ ਹੈ ਤਾਂ ਬ੍ਰਿਕਸ ਉਸਾਰੂ ਬਦਲਾਅ ਦੀ ਮਜ਼ਬੂਤ ਆਵਾਜ਼ ਬਣ ਕੇ ਖੜ੍ਹਾ ਹੈ।’’ ਉਨ੍ਹਾਂ ਕਿਹਾ ਕਿ ਇਕ ਅਸ਼ਾਂਤ ਵਿਸ਼ਵ ’ਚ ਬ੍ਰਿਕਸ ਨੂੰ ਸ਼ਾਂਤੀ ਸਥਾਪਨਾ, ਸੰਵਾਦ, ਕੂਟਨੀਤੀ ਅਤੇ ਕੌਮਾਂਤਰੀ ਕਾਨੂੰਨ ਦੀ ਪਾਲਣਾ ਦਾ ਸੁਨੇਹਾ ਫੈਲਾਉਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਨੇ ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ਖਾਸ ਕਰਕੇ ਸਲਾਮਤੀ ਪ੍ਰੀਸ਼ਦ ’ਚ ਵੱਡੇ ਸੁਧਾਰ ਦਾ ਵੀ ਸੱਦਾ ਦਿੱਤਾ। ਅਗਲੇ ਸਾਲ ਗਰੁੱਪ ਦੀ ਭਾਰਤ ਵੱਲੋਂ ਚੇਅਰਮੈਨੀ ਬਾਰੇ ਗੱਲ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਭਾਰਤ ਡਿਜੀਟਲ ਪਰਿਵਰਤਨ, ਸਟਾਰਟਅੱਪ ਅਤੇ ਮਜ਼ਬੂਤ ਵਿਕਾਸ ਭਾਈਵਾਲੀ ਰਾਹੀਂ ਖੁਰਾਕ ਤੇ ਊਰਜਾ ਸੁਰੱਖਿਆ ’ਤੇ ਧਿਆਨ ਕੇਂਦਰਤ ਕਰੇਗਾ। ਉਨ੍ਹਾਂ ਕਿਹਾ ਕਿ ਤਕਨਾਲੋਜੀ ਅਤੇ ਕਾਢਾਂ ਬ੍ਰਿਕਸ ਸਹਿਯੋਗ ਦੇ ਅਗਲੇ ਪੜਾਅ ਨੂੰ ਪਰਿਭਾਸ਼ਿਤ ਕਰਨਗੇ। ਇਸ ਦੌਰਾਨ ਜੈਸ਼ੰਕਰ ਨੇ ਆਸਟਰੀਆ, ਕਿਊਬਾ, ਰੋਮਾਨੀਆ, ਬ੍ਰਾਜ਼ੀਲ, ਦੱਖਣੀ ਅਫ਼ਰੀਕਾ, ਇੰਡੋਨੇਸ਼ੀਆ, ਰੂਸ, ਕੋਲੰਬੀਆ ਅਤੇ ਯੂ ਏ ਈ ਸਮੇਤ ਹੋਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ। -ਪੀਟੀਆਈ