ਭਾਜਪਾ ਰਾਜ ’ਚ ਹਿੰਦੂ ਤੇ ਮੁਸਲਮਾਨ ਦੋਵੇਂ ਦੁਖੀ: ਖੇੜਾ
ਕਾਂਗਰਸ ਦੇ ਸੀਨੀਅਰ ਆਗੂ ਪਵਨ ਖੇੜਾ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਦੇ ਰਾਜ ਵਿੱਚ ਹਿੰਦੂ ਅਤੇ ਮੁਸਲਮਾਨ ਦੋਵੇਂ ਦੁਖੀ ਹਨ ਤੇ ਹੁਣ ਦਿੱਲੀ ਬੈਠੇ ‘ਜ਼ਾਲਮ’ ਨੂੰ ਸੱਤਾ ਤੋਂ ਲਾਹੁਣ ਦਾ ਸਮਾਂ ਆ ਗਿਆ ਹੈ। ਸਿੱਧਪੁਰ ਤਾਲੁਕਾ ਦੇ ਪਿੰਡ ਕਾਕੋਸ਼ੀ ਵਿੱਚ ‘ਜਨ ਆਕਰੋਸ਼ ਯਾਤਰਾ’ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਕੇਂਦਰ ਅਤੇ ਗੁਜਰਾਤ ਦੀ ਭਾਜਪਾ ਸਰਕਾਰ ਨੂੰ ਬੇਰੁਜ਼ਗਾਰੀ, ਮਹਿੰਗਾਈ ਅਤੇ ਕਿਸਾਨੀ ਸੰਕਟ ਦੇ ਮੁੱਦੇ ’ਤੇ ਘੇਰਿਆ।
ਉਨ੍ਹਾਂ ਕਿਹਾ, ‘ਇਹ ਹਰ ਕਿਸੇ ਲਈ ਔਖੀ ਘੜੀ ਹੈ। ਜੇ ਮੁਸਲਮਾਨਾਂ ਲਈ ਔਖਾ ਸਮਾਂ ਹੈ ਤਾਂ ਹਿੰਦੂ ਵੀ ਉਹੀ ਦਰਦ ਝੱਲ ਰਹੇ ਹਨ। ਦਿੱਲੀ ਵਿੱਚ ਬੈਠਾ ਜ਼ਾਲਮ ਹਿੰਦੂ ਜਾਂ ਮੁਸਲਮਾਨ ਵਿੱਚ ਕੋਈ ਫਰਕ ਨਹੀਂ ਸਮਝਦਾ, ਉਹ ਸਭ ਨੂੰ ਬਰਾਬਰ ਤਸੀਹੇ ਦਿੰਦਾ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਗੁਜਰਾਤ ਵਿੱਚ ਨਾਜਾਇਜ਼ ਸ਼ਰਾਬ ਅਤੇ ਨਸ਼ਿਆਂ ਦਾ ਕਾਰੋਬਾਰ ਸਿਖਰਾਂ ’ਤੇ ਹੈ। ਖੇੜਾ ਨੇ ਕਿਹਾ ਕਿ ਨੌਜਵਾਨਾਂ ਦੀ ਪੂਰੀ ਪੀੜ੍ਹੀ ਨੂੰ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ ਤਾਂ ਜੋ ਉਹ ਬੇਰੁਜ਼ਗਾਰੀ ਅਤੇ ਮਹਿੰਗਾਈ ’ਤੇ ਸਵਾਲ ਨਾ ਪੁੱਛ ਸਕਣ। ਇਸੇ ਦੌਰਾਨ ਵਿਧਾਇਕ ਅਤੇ ਸੂਬਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਜਿਗਨੇਸ਼ ਮੇਵਾਨੀ ਨੇ ਦਾਅਵਾ ਕੀਤਾ ਕਿ ਬੇਮੌਸਮੇ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਕਰਕੇ ਗੁਜਰਾਤ ਵਿੱਚ ਘੱਟੋ-ਘੱਟ ਛੇ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਉਨ੍ਹਾਂ ਮੋਦੀ ਸਰਕਾਰ ’ਤੇ ਵਾਅਦਾਖਿਲਾਫ਼ੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਬਜਾਏ ਖਰਚੇ ਦੁੱਗਣੇ ਹੋ ਗਏ ਹਨ। ਉਨ੍ਹਾਂ ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੂੰ ਨਸ਼ਿਆਂ ਅਤੇ ਸ਼ਰਾਬ ਦੀ ਵਿਕਰੀ ਦੇ ਮੁੱਦੇ ’ਤੇ ਗਾਂਧੀਨਗਰ ਵਿੱਚ ਖੁੱਲ੍ਹੀ ਬਹਿਸ ਦੀ ਚੁਣੌਤੀ ਵੀ ਦਿੱਤੀ।
