ਚੀਨ ਨਾਲ ਸਰਹੱਦੀ ਵਿਵਾਦ ਸੁਰੱਖਿਆ ਲਈ ਸਭ ਤੋਂ ਵੱਡੀ ਚੁਣੌਤੀ: ਚੌਹਾਨ
ਚੀਫ ਆਫ ਡਿਫੈਂਸ ਸਟਾਫ (ਸੀ ਡੀ ਐੱਸ) ਜਨਰਲ ਅਨਿਲ ਚੌਹਾਨ ਨੇ ਅੱਜ ਇੱਥੇ ਕਿਹਾ ਕਿ ਚੀਨ ਨਾਲ ਅਣਸੁਲਝਿਆ ਸਰਹੱਦੀ ਵਿਵਾਦ ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵੱਡੀ ਚੁਣੌਤੀ ਹੈ। ਇਸ ਤੋਂ ਬਾਅਦ ਪਾਕਿਸਤਾਨ ਦੀ ‘ਜਖ਼ਮ ਦੇਣ’ ਦੀ ਰਣਨੀਤੀ ਅਤੇ ‘ਪ੍ਰੌਕਸੀ ਜੰਗ’ ਹੈ। ਉਨ੍ਹਾਂ ਕਿਹਾ ਕਿ ਤੀਜੀ ਚੁਣੌਤੀ ਖੇਤਰੀ ਅਸਥਿਰਤਾ ਅਤੇ ਭਾਰਤ ’ਤੇ ਇਸ ਦਾ ਪ੍ਰਭਾਵ ਹੈ। ਭਵਿੱਖ ਦੀਆਂ ਜੰਗਾਂ ’ਤੇ ਤਕਨਾਲੋਜੀ ਦੇ ਪ੍ਰਭਾਵ ਨੂੰ ਸਮਝਣਾ ਅਤੇ ਇਸ ਨਾਲ ਨਜਿੱਠਣਾ ਵੀ ਵੱਡੀ ਚੁਣੌਤੀ ਹੈ। ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਡੀ ਐੱਸ ਨੇ ਕਿਹਾ ਕਿ ਦੋ ਪ੍ਰਮਾਣੂ ਹਥਿਆਰਾਂ ਵਾਲੇ ਵਿਰੋਧੀਆਂ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਨਾਲ ਨਜਿੱਠਣਾ ਭਾਰਤ ਲਈ ਇੱਕ ਹੋਰ ਵੱਡੀ ਚੁਣੌਤੀ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਦੀ ਰਵਾਇਤੀ ਜੰਗ ਲਈ ਤਿਆਰ ਰਹਿਣਾ ਪਵੇਗਾ। ਜਨਰਲ ਚੌਹਾਨ ਨੇ ਕਿਹਾ ਕਿ ਹਥਿਆਰਬੰਦ ਸੈਨਾਵਾਂ ਨੂੰ ‘ਅਪਰੇਸ਼ਨ ਸਿੰਧੂਰ’ ਦੌਰਾਨ ਪੂਰੀ ਖੁੱਲ੍ਹ ਦਿੱਤੀ ਗਈ ਸੀ। ਇਸ ਦਾ ਉਦੇਸ਼ ਨਾ ਸਿਰਫ਼ ਪਹਿਲਗਾਮ ਦਹਿਸ਼ਤੀ ਹਮਲੇ ਦਾ ਬਦਲਾ ਲੈਣਾ ਸੀ, ਸਗੋਂ ਸਰਹੱਦ ਪਾਰ ਅਤਿਵਾਦ ’ਤੇ ਲਾਲ ਲਕੀਰ ਖਿੱਚਣਾ ਵੀ ਸੀ।