ਦਿੱਲੀ ਤੇ ਬੰਬੇ ਹਾਈ ਕੋਰਟ ਨੂੰ ਮਿਲੀ ਬੰਬ ਦੀ ਧਮਕੀ
ਦਿੱਲੀ ਤੇ ਬੰਬੇ ਹਾਈ ਕੋਰਟ ਨੂੰ ਅੱਜ ਈ-ਮੇਲ ਰਾਹੀਂ ਬੰਬ ਦੀਆਂ ਧਮਕੀਆਂ ਮਿਲੀਆਂ ਹਨ, ਜਿਸ ਕਾਰਨ ਦੋਵਾਂ ਹਾਈ ਕੋਰਟਾਂ ਦੇ ਕੰਪਲੈਕਸਾਂ ਵਿੱਚ ਹਫੜਾ-ਦਫੜੀ ਮਚ ਗਈ ਤੇ ਸੁਰੱਖਿਆ ਬਲਾਂ ਨੇ ਕੋਰਟ ਰੂਮ ਖਾਲੀ ਕਰਵਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਹਾਲਾਂਕਿ ਬਾਅਦ ਵਿੱਚ ਇਹ ਧਮਕੀ ਅਫਵਾਹ ਸਾਬਤ ਹੋਈ। ਸੂਤਰਾਂ ਅਨੁਸਾਰ ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਅਰੁਣ ਭਾਰਦਵਾਜ ਨੂੰ ਸਵੇਰੇ 8.39 ਵਜੇ ਧਮਕੀ ਵਾਲੀ ਈ-ਮੇਲ ਪ੍ਰਾਪਤ ਹੋਈ ਅਤੇ ਕੁਝ ਜੱਜਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਜਾਣਕਾਰੀ ਅਨੁਸਾਰ ਕੁਝ ਜੱਜ ਸਵੇਰੇ 11.35 ਵਜੇ ਉੱਠ ਗਏ, ਜਦਕਿ ਕੁਝ ਦੁਪਹਿਰ 12 ਵਜੇ ਤੱਕ ਆਪਣੀਆਂ ਅਦਾਲਤਾਂ ਵਿੱਚ ਬੈਠੇ ਰਹੇ। ਬਾਅਦ ਵਿੱਚ ਨਵੀਂ ਦਿੱਲੀ ਦੇ ਡੀ ਸੀ ਪੀ ਦੇਵੇਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਮਗਰੋਂ ਇਹ ਧਮਕੀ ਅਫਵਾਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸਕੂਲਾਂ ਨੂੰ ਮਿਲੀਆਂ ਧਮਕੀਆਂ ਅਤੇ ਇਸ ਈਮੇਲ ਦਾ ਕੋਈ ਸਬੰਧ ਨਹੀਂ ਹੈ। ਦਿੱਲੀ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਨ. ਹਰੀਹਰਨ ਅਨੁਸਾਰ ਦਿੱਲੀ ਹਾਈ ਕੋਰਟ ਦੇ ਬਾਹਰ ਪਹਿਲਾਂ ਵੀ ਬੰਬ ਧਮਾਕਾ ਹੋਇਆ ਸੀ।