ਤਖ਼ਤ ਪਟਨਾ ਸਾਹਿਬ ਦੇ ਲੰਗਰ ਹਾਲ ’ਚ ਬੰਬ ਦੀ ਧਮਕੀ
ਗੁਰਦੁਆਰਾ ਤਖ਼ਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਲੰਗਰ ਹਾਲ ’ਚ ਬੰਬ ਹੋਣ ਦੀ ਈ-ਮੇਲ ਮਿਲਣ ਮਗਰੋਂ ਪ੍ਰਬੰਧਕਾਂ ਅਤੇ ਸੰਗਤ ’ਚ ਚਿੰਤਾ ਦਾ ਮਾਹੌਲ ਬਣ ਗਿਆ। ਇਸ ਤੋਂ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਵੀ ਅਜਿਹੀ ਧਮਕੀ ਭਰੀਆਂ ਈ-ਮੇਲਜ਼ ਆ ਚੁੱਕੀਆਂ ਹਨ ਜਿਨ੍ਹਾਂ ਬਾਰੇ ਹੁਣ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਮੁਤਾਬਕ ਕੱਲ੍ਹ ਤਖ਼ਤ ਪਟਨਾ ਸਾਹਿਬ ਦੀ ਈ-ਮੇਲ ਆਈਡੀ ’ਤੇ ਇਹ ਧਮਕੀ ਵਾਲੀ ਈ-ਮੇਲ ਮਿਲੀ ਜਿਸ ਵਿੱਚ ਕਿਹਾ ਗਿਆ ਸੀ ਕਿ ਲੰਗਰ ਹਾਲ ਵਿੱਚ ਚਾਰ ਆਰ ਡੀ ਐਕਸ ਰੱਖਿਆ ਹੋਇਆ ਹੈ। ਸੰਸਥਾ ਦੇ ਬੁਲਾਰੇ ਸੁਦੀਪ ਸਿੰਘ ਨੇ ਦੱਸਿਆ ਕਿ ਇਹ ਧਮਕੀ ਵਾਲੀ ਈ-ਮੇਲ ਮਿਲਣ ਮਗਰੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਸਮੇਤ ਸੁਪਰਡੈਂਟ, ਸਹਾਇਕ ਮੈਨੇਜਰ, ਅਮਲੇ ਅਤੇ ਸ਼ਰਧਾਲੂਆਂ ਵਿੱਚ ਦਹਿਸ਼ਤ ਫੈਲ ਗਈ। ਪ੍ਰਬੰਧਕਾਂ ਨੇ ਤੁਰੰਤ ਜਾਣਕਾਰੀ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਬੰਬ ਵਿਰੋਧੀ ਦਸਤਾ, ਤਲਾਸ਼ੀ ਟੀਮ ਅਤੇ ਹੋਰ ਟੀਮਾਂ ਤਖ਼ਤ ਪਟਨਾ ਸਾਹਿਬ ਪੁੱਜੀਆਂ ਪਰ ਦੇਰ ਸ਼ਾਮ ਤੱਕ ਅਜਿਹੀ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ। ਇਸ ਘਟਨਾ ਮਗਰੋਂ ਤਖ਼ਤ ਪਟਨਾ ਸਾਹਿਬ ’ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪ੍ਰਬੰਧਕਾਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੂੰ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਈ-ਮੇਲ ਭੇਜਣ ਵਾਲੇ ਦਾ ਪਤਾ ਲਾਉਣਾ ਚਾਹੀਦਾ ਹੈ ਕਿਉਂਕਿ ਇਹ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ। ਕੁਝ ਦਿਨਾਂ ਬਾਅਦ ਇੱਥੋਂ ਸ਼ਹੀਦੀ ਜਾਗ੍ਰਿਤੀ ਯਾਤਰਾ ਸ਼ੁਰੂ ਕੀਤੀ ਜਾਣੀ ਹੈ ਜਿਸ ’ਚ ਬਿਹਾਰ ਦੇ ਮੁੱਖ ਮੰਤਰੀ, ਕਈ ਧਾਰਮਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਵੀ ਵੱਡੀ ਗਿਣਤੀ ਸ਼ਰਧਾਲੂ ਪੁੱਜਣਗੇ। ਅਜਿਹੀ ਸਥਿਤੀ ’ਚ ਅਜਿਹੀ ਧਮਕੀ ਭਰੀ ਈ-ਮੇਲ ਮਿਲਣਾ ਚਿੰਤਾ ਦਾ ਵਿਸ਼ਾ ਹੈ।
ਈ-ਮੇਲ ਜਾਂਚ ਲਈ ਸਾਈਬਰ ਸੈੱਲ ਨੂੰ ਭੇਜੀ
ਡੀ ਐੱਸ ਪੀ ਡਾ. ਗੌਰਵ ਕੁਮਾਰ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਨੂੰ ਈ-ਮੇਲ ਮਿਲੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਲੰਗਰ ਹਾਲ ਨੇੜੇ ਚਾਰ ਆਰ ਡੀ ਐਕਸ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਈ-ਮੇਲ ਜਾਂਚ ਲਈ ਸਾਈਬਰ ਸੈੱਲ ਨੂੰ ਭੇਜ ਦਿੱਤੀ ਗਈ ਹੈ।