ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਦੇ ਮੁੱਖ ਮੰਤਰੀ ਸਕੱਤਰੇਤ ਤੇ ਦੋ ਮੈਡੀਕਲ ਕਾਲਜਾਂ ’ਚ ਬੰਬ ਦੀ ਧਮਕੀ

ਦਿੱਲੀ ਪੁਲੀਸ ਜਾਂਚ ਵਿੱਚ ਜੁਟੀ; ਬੰਬ ਨਕਾਰਾ ਦਸਤੇ ਮੌਕੇ ’ਤੇ ਪੁੱਜੇ; ਧਮਕੀਆਂ ਫਰਜ਼ੀ ਕਰਾਰ
ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਬਾਹਰ ਖੜ੍ਹੇ ਫਾਇਰ ਬ੍ਰਿਗੇਡ ਤੇ ਦਿੱਲੀ ਪੁਲੀਸ ਦੇ ਵਾਹਨ। -ਫੋਟੋ: ਮੁਕੇਸ਼ ਅਗਰਵਾਲ
Advertisement

ਦਿੱਲੀ ਦੇ ਮੁੱਖ ਮੰਤਰੀ ਸਕੱਤਰੇਤ, ਮੌਲਾਨਾ ਆਜ਼ਾਦ ਮੈਡੀਕਲ ਕਾਲਜ (ਐੱਮ ਏ ਐੱਮ ਸੀ) ਅਤੇ ਯੂਨੀਵਰਸਿਟੀ ਕਾਲਜ ਆਫ ਮੈਡੀਕਲ ਸਾਇੰਸ (ਯੂ ਸੀ ਐੱਮ ਐੱਸ) ਨੂੰ ਅੱਜ ਈ-ਮੇਲ ’ਤੇ ਬੰਬ ਨਾਲ ਸਬੰਧਤ ਧਮਕੀ ਮਿਲੀ, ਜਿਸ ਮਗਰੋਂ ਕਾਨੂੰਨੀ ਏਜੰਸੀਆਂ ਫੌਰੀ ਹਰਕਤ ਵਿਚ ਆ ਗਈਆਂ। ਹਾਲਾਂਕਿ ਬਾਅਦ ਵਿੱਚ ਇਨ੍ਹਾਂ ਧਮਕੀਆਂ ਨੂੰ ਫਰਜ਼ੀ ਕਰਾਰ ਦਿੱਤਾ ਗਿਆ। ਪੁਲੀਸ ਨੇ ਕਿਹਾ ਕਿ ਧਮਕੀਆਂ ਵਿੱਚ ਕਿਹਾ ਗਿਆ ਸੀ ਕਿ ਇਨ੍ਹਾਂ ਤਿੰਨਾਂ ਥਾਵਾਂ ’ਤੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਆਰਡੀਐਕਸ ਲਾਇਆ ਗਿਆ ਹੈ। ਸ਼ਹਾਦਰਾ ਦੇ ਡੀਸੀਪੀ ਪ੍ਰਸ਼ਾਂਤ ਗੌਤਮ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਸਥਿਤ ਯੂਸੀਐੱਮਸੀ ਵੱਲੋਂ ਸਵੇਰੇ ਲਗਪਗ 11 ਵਜੇ ਦੱਸਿਆ ਕਿ ਉਨ੍ਹਾਂ ਨੂੰ ਕਾਲਜ ਵਿੱਚ ਬੰਬ ਹੋਣ ਦੀ ਧਮਕੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪੂਰੀ ਜਾਂਚ ਮਗਰੋਂ ਲਗਪਗ ਡੇਢ ਵਜੇ ਇਸ ਨੂੰ ਫਰਜ਼ੀ ਕਰਾਰ ਦਿੱਤਾ ਗਿਆ।

ਪੁਲੀਸ ਨੇ ਦੱਸਿਆ ਕਿ ਇਸੇ ਤਰ੍ਹਾਂ ਇੱਕ ਹੋਰ ਈ-ਮੇਲ ਦੁਪਹਿਰੇ 12 ਵਜੇ ਮਿਲੀ ਜਿਸ ਵਿੱਚ ਐੱਮ ਏ ਐੱਮ ਸੀ ਅਤੇ ਮੁੱਖ ਮੰਤਰੀ ਸਕੱਤਰੇਤ ਵਿੱਚ ਬੰਬ ਹੋਣ ਦੀ ਧਮਕੀ ਦਿੱਤੀ ਗਈ। ਇਸ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਨੇ ਫੌਰੀ ਹਰਕਤ ਵਿਚ ਆਉਂਦਿਆਂ ਸਥਾਪਤ ਸਟੈਂਡਰਡ ਅਪਰੇਟਿੰਗ ਪ੍ਰਕਿਰਿਆਵਾਂ (ਐੱਸ ਓ ਪੀਜ਼) ਅਨੁਸਾਰ ਕਾਰਵਾਈ ਵਿੱਢ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬੰਬ ਖੋਜ ਤੇ ਬੰਬ ਨਕਾਰਾ ਦਸਤੇ ਵੱਲੋਂ ਐੱਮ ਏ ਐੱਮ ਸੀ ਅਤੇ ਸਕੱਤਰੇਤ ਦੋਵਾਂ ਥਾਵਾਂ ’ਤੇ ਜਾਂਚ ਕੀਤੀ ਗਈ। ਦੋਵਾਂ ਥਾਵਾਂ ’ਤੇ ਮੌਜੂਦ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਢੁਕਵੇਂ ਉਪਾਅ ਕੀਤੇ ਗਏ ਸਨ। ਦਿੱਲੀ ਫਾਇਰ ਸਰਵਿਸ (ਡੀ ਐੱਫ ਐੱਸ) ਅਨੁਸਾਰ ਧਮਕੀ ਸਬੰਧੀ ਵੱਖਰੇ ਤੌਰ ’ਤੇ ਕਾਲ ਆਉਣ ਮਗਰੋਂ ਇਹਤਿਆਤ ਵਜੋਂ ਕਈ ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਦਿੱਲੀ ਪੁਲੀਸ ਨੇ ਦੱਸਿਆ ਕਿ ਧਮਕੀ ਵਾਲੀ ਈ-ਮੇਲ ਵਿੱਚ ਐੱਮ ਏ ਐੱਮ ਸੀ ਅਤੇ ਮੁੱਖ ਮੰਤਰੀ ਸਕੱਤਰੇਤ ਦੋਵਾਂ ਵਿੱਚ ਸੰਭਾਵੀ ਧਮਾਕੇ ਦਾ ਜ਼ਿਕਰ ਕੀਤਾ ਗਿਆ ਸੀ। ਪੁਲੀਸ ਫੌਰੀ ਹਰਕਤ ਵਿੱਚ ਆਈ ਅਤੇ ਦੋਵਾਂ ਥਾਵਾਂ ’ਤੇ ਬੰਬ ਖੋਜ ਤੇ ਬੰਬ ਨਕਾਰਾ ਕਰਨ ਵਾਲੀਆਂ ਟੀਮਾਂ (ਬੀ ਡੀ ਡੀ ਟੀ) ਨੂੰ ਜਾਂਚ ਵਿੱਚ ਲਗਾਇਆ ਗਿਆ। ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿੱਚ ਆਈ ਪੀ ਅਸਟੇਟ ਥਾਣੇ ਦੇ ਵਧੀਕ ਟਰੈਫਿਕ ਅਧਿਕਾਰੀ (ਏ ਟੀ ਓ) ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ। ਦੋਵਾਂ ਥਾਵਾਂ ’ਤੇ ਮੌਜੂਦ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਢੁਕਵੇਂ ਉਪਾਅ ਕੀਤੇ ਗਏ। ਅਧਿਕਾਰੀਆਂ ਨੇ ਕਿਹਾ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਵਾਲਸਨ ਨੇ ਕਿਹਾ ਕਿ ਸਾਈਬਰ ਪੁਲੀਸ ਸਟੇਸ਼ਨ ਦੀ ਟੀਮ ਈ-ਮੇਲ ਦੇ ਮੂਲ ਸਰੋਤ ਅਤੇ ਪ੍ਰਮਾਣਿਕਤਾ ਦੀ ਵੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਮੁਲਾਂਕਣ ਤੋਂ ਇਹ ਵੀ ਪਿਛਲੀਆਂ ਫਰਜ਼ੀ ਧਮਕੀਆਂ ਵਾਲੀਆਂ ਈ-ਮੇਲਾਂ ਵਾਂਗ ਹੀ ਜਾਪ ਰਹੀ ਹੈ।

Advertisement

ਹਿਮਾਚਲ ਵਿੱਚ ਵੀ ਦੋ ਥਾਈਂ ਬੰਬ ਦੀ ਧਮਕੀ

ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਨੇਰ ਚੌਕ ਵਿਖੇ ਸਥਿਤ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਮੈਡੀਕਲ ਕਾਲਜ ਅਤੇ ਹਸਪਤਾਲ ਅਤੇ ਚੰਬਾ ਜ਼ਿਲ੍ਹੇ ਦੇ ਪੰਡਿਤ ਜਵਾਹਰ ਲਾਲ ਨਹਿਰੂ ਸਰਕਾਰੀ ਮੈਡੀਕਲ ਕਾਲਜ ਨੂੰ ਬੰਬ ਦੀ ਧਮਕੀ ਮਿਲੀ ਹੈ। ਰਿਪੋਰਟਾਂ ਅਨੁਸਾਰ ਹਸਪਤਾਲਾਂ ਨੂੰ ਈਮੇਲ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚ ਲਿਖਿਆ ਸੀ, ‘‘ਘੱਟ ਤੋਂ ਘੱਟ ਜਾਨੀ ਨੁਕਸਾਨ ਪਹੁੰਚਾਉਣ ਲਈ ਚਾਰ ਆਰ.ਡੀ.ਐਕਸ 800-ਸਿਲੀਕਾਨ ਬੇਸ ਫਿਊਜ਼ ਜਾਣਬੁੱਝ ਕੇ ਲਗਾਏ ਗਏ ਹਨ।’’ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਪ੍ਰਾਈਵੇਟ ਸਕੂਲ ਨੂੰ ਬੰਬ ਹੋਣ ਦੀ ਧਮਕੀ ਵਾਲੀ ਈ-ਮੇਲ ਮਿਲੀ। ਹਾਲਾਂਕਿ ਤਿੰਨ ਘੰਟਿਆਂ ਦੀ ਜਾਂਚ ਮਗਰੋਂ ਪੁਲੀਸ ਨੇ ਇਸ ਨੂੰ ਫਰਜ਼ੀ ਕਰਾਰ ਦਿੱਤਾ।

Advertisement
Show comments