ਜੰਮੂ ਕਸ਼ਮੀਰ ਦੇ ਨੌਗਾਮ ਪੁਲੀਸ ਥਾਣੇ ਵਿਚ ਧਮਾਕਾ, 9 ਹਲਾਕ, 32 ਜ਼ਖ਼ਮੀ
ਨੌਗਾਮ ਦੇ ਇਸੇ ਥਾਣੇ ’ਚ ਰੱਖੇ ਸਨ ਫਰੀਦਾਬਾਦ ਤੋਂ ਬਰਾਮਦ ਵਿਸਫੋਟਕ
Advertisement
ਇਥੇ ਸ਼ਹਿਰ ਦੇ ਬਾਹਰਵਾਰ ਸ਼ੁੱਕਰਵਾਰ ਰਾਤ ਨੂੰ ਨੌਗਾਮ ਪੁਲੀਸ ਥਾਣੇ ਵਿਚ ਗ਼ਲਤੀ ਨਾਲ ਹੋਏ ਧਮਾਕੇ ਵਿਚ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 32 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਅਧਿਕਾਰਤ ਸੂਤਰਾਂ ਨੇ ਸ਼ਨਿੱਚਰਵਾਰ ਨੂੰ ਇਹ ਦਾਅਵਾ ਕੀਤਾ ਹੈ।
ਦੱਸਣਾ ਬਣਦਾ ਹੈ ਕਿ ਨੌਗਾਮ ਦੇ ਇਸੇ ਪੁਲੀਸ ਥਾਣੇ ਵਿਚ ਲਾਲ ਕਿਲ੍ਹਾ ਧਮਾਕੇ ਨਾਲ ਜੁੜੇ ਦਹਿਸ਼ਤੀ ਮੌਡਿਊਲ ਤੋਂ ਬਰਾਮਦ ਵਿਸਫੋਟਕ ਰੱਖੇ ਗਏ ਸਨ। ਜੰਮੂ ਕਸ਼ਮੀਰ ਪੁਲੀਸ ਨੇ ਇਹ ਵਿਸਫੋਟਕ ਹਰਿਆਣਾ ਦੇ ਫ਼ਰੀਦਾਬਾਦ ਸ਼ਹਿਰ ਤੋਂ ਬਰਾਮਦ ਕੀਤੇ ਸਨ। ਸੂਤਰਾਂ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਜੰਮੂ-ਕਸ਼ਮੀਰ ਰਾਜ ਜਾਂਚ ਏਜੰਸੀ (SIA) ਦੇ ਕਰਮਚਾਰੀ ਪੁਲੀਸ ਥਾਣੇ ਅੰਦਰ ਮੌਜੂਦ ਸਨ। ਐਸਆਈਏ ਨੇ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ।
ਸ਼ੁੱਕਰਵਾਰ ਦੇਰ ਰਾਤ ਜਦੋਂ ਧਮਾਕਾ ਹੋਇਆ ਤਾਂ ਪੁਲੀਸ ਥਾਣੇ ਅਤੇ ਆਸ ਪਾਸ ਦੇ ਕਈ ਵਾਹਨ ਅੱਗ ਦੀ ਲਪੇਟ ਵਿੱਚ ਆ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ।
ਸ੍ਰੀਨਗਰ ਵਿੱਚ ਇੱਕ ਸੰਖੇਪ ਪ੍ਰੈਸ ਕਾਨਫਰੰਸ ਦੌਰਾਨ ਡੀ.ਜੀ.ਪੀ. ਨਲਿਨ ਪ੍ਰਭਾਤ ਨੇ ਇੱਕ ਕਿਹਾ ਕਿ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 32 ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ, ‘‘ਇੱਕ ਅਚਾਨਕ ਧਮਾਕਾ ਹੋਇਆ ਹੈ।" ਉਨ੍ਹਾਂ ਕਿਹਾ, "ਇਸ ਮੰਦਭਾਗੀ ਘਟਨਾ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿੱਚ ਸਟੇਟ ਇਨਵੈਸਟੀਗੇਟਿਵ ਏਜੰਸੀ (SIA) ਦਾ ਇੱਕ ਇੰਸਪੈਕਟਰ ਅਤੇ ਸ੍ਰੀਨਗਰ ਦਾ ਇੱਕ ਨਾਇਬ ਤਹਿਸੀਲਦਾਰ ਸ਼ਾਮਲ ਹਨ।
Advertisement
ਪਿਛਲੇ ਮਹੀਨੇ ਜੰਮੂ-ਕਸ਼ਮੀਰ ਪੁਲੀਸ ਨੇ ਜੈਸ਼-ਏ-ਮੁਹੰਮਦ ਦੇ ਸੁਰੱਖਿਆ ਕਰਮਚਾਰੀਆਂ ਨੂੰ ਧਮਕੀਆਂ ਦੇਣ ਵਾਲੇ ਪੋਸਟਰਾਂ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਇਹ ਪੋਸਟਰ ਸ੍ਰੀਨਗਰ ਦੇ ਬਨਪੋਰਾ ਨੌਗਾਮ ਵਿੱਚ ਕਈ ਥਾਵਾਂ 'ਤੇ ਨਜ਼ਰ ਆਏ ਸਨ। ਇਸ ਤੋਂ ਬਾਅਦ, ਨੌਗਾਮ ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਅਤੇ ਵੱਖ-ਵੱਖ ਰਾਜਾਂ ਨਾਲ ਜੁੜੇ ਇੱਕ ਅਤਿਵਾਦੀ ਮੌਡਿਊਲ ਦਾ ਪਰਦਾਫਾਸ਼ ਕੀਤਾ।
Advertisement
