ਫਾਰੂਖਾਬਾਦ ’ਚ ਕੋਚਿੰਗ ਸੈਂਟਰ ਵਿੱਚ ਧਮਾਕਾ; ਦੋ ਦੀ ਮੌਤ; ਪੰਜ ਜ਼ਖ਼ਮੀ
ਫਾਰੂਖਾਬਾਦ ਜ਼ਿਲ੍ਹੇ ਦੇ ਕਾਦਰੀ ਗੇਟ ਥਾਣਾ ਖੇਤਰ ਵਿੱਚ ਸਤਾਨਪੁਰ ਮੰਡੀ ਨੇੜੇ ਇੱਕ ਕੋਚਿੰਗ ਸੈਂਟਰ ਵਿੱਚ ਇੱਕ ਵੱਡਾ ਧਮਾਕਾ ਹੋਇਆ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋ ਗਏ। ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਹੈ।
ਪੁਲੀਸ ਸੁਪਰਡੈਂਟ ਆਰਤੀ ਸਿੰਘ ਨੇ ਕਿਹਾ ਕਿ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਇੱਕ ਸੈਪਟਿਕ ਟੈਂਕ ਸੀ, ਜੋ ਮੀਥੇਨ ਗੈਸ ਜਮ੍ਹਾਂ ਹੋਣ ਕਾਰਨ ਫਟ ਗਿਆ। ਨੇੜੇ ਹੀ ਇੱਕ ਸਵਿੱਚਬੋਰਡ ਵੀ ਸੀ, ਜਿਸ ਕਾਰਨ ਇਸ ਨੇ ਭਿਆਨਕ ਰੂਪ ਲੈ ਲਿਆ। ਇਸ ਘਟਨਾ ਵਿੱਚ ਸੱਤ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ। ਬਾਕੀ ਪੰਜ ਦਾ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੁਲੀਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਫਾਇਰ ਸੇਫਟੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੀਥੇਨ ਗੈਸ ਅਤੇ ਸਵਿੱਚਬੋਰਡ ਤੋਂ ਨਿਕਲੀ ਚੰਗਿਆੜੀ ਧਮਾਕੇ ਦਾ ਕਾਰਨ ਹੋ ਸਕਦੀ ਹੈ। ਸਿਟੀ ਮੈਜਿਸਟ੍ਰੇਟ ਦੀ ਅਗਵਾਈ ਵਾਲੀ ਇੱਕ ਟੀਮ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਤੱਥਾਂ ਨੂੰ ਸਾਹਮਣੇ ਲਿਆਏਗੀ।
ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸਨੇ ਇੱਕ ਕਿਲੋਮੀਟਰ ਦੂਰ ਤੱਕ ਕਈ ਘਰਾਂ ਨੂੰ ਹਿਲਾ ਦਿੱਤਾ। ਕੋਚਿੰਗ ਸੈਂਟਰ ਦੇ ਅੰਦਰਲਾ ਸਾਰਾ ਢਾਂਚਾ ਤਬਾਹ ਹੋ ਗਿਆ। ਬਾਹਰੀ ਸਲੈਬਾਂ ਅਤੇ ਕੰਕਰੀਟ ਦੀਆਂ ਕੰਧਾਂ 50 ਮੀਟਰ ਦੂਰ ਸੁੱਟ ਦਿੱਤੀਆਂ ਗਈਆਂ। ਬਾਹਰਲੀ ਲੋਹੇ ਦੀ ਗਰਿੱਲ 150 ਮੀਟਰ ਦੂਰ ਇੱਕ ਪਾਣੀ ਦੇ ਟੋਏ ਵਿੱਚ ਡਿੱਗ ਗਈ।
ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਅਤੇ ਅਧਿਕਾਰੀਆਂ ਨੂੰ ਘਟਨਾ ਸਥਾਨ ’ਤੇ ਪਹੁੰਚਣ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।