ਲਾਲ ਕਿਲ੍ਹੇ ਦੀਆਂ ਕੰਧਾਂ ਉੱਤੇ ਪਏ ‘ਕਾਲੇ’ ਧੱਬੇ
ਇਥੋਂ ਦੇ ਲਾਲ ਕਿਲ੍ਹੇ ਦੀਆਂ ਕੰਧਾਂ ’ਤੇ ਹੁਣ ‘ਕਾਲੇ ਧੱਬੇ’ ਨਜ਼ਰ ਆਉਣ ਲੱਗ ਪਏ ਹਨ। ਇਹ ਦਾਅਵਾ ਤਾਜ਼ਾ ਅਧਿਐਨ ’ਚ ਕੀਤਾ ਗਿਆ ਹੈ। ਭਾਰਤ ਅਤੇ ਇਟਲੀ ਦੇ ਖੋਜੀਆਂ ਨੂੰ ਅਧਿਐਨ ਦੌਰਾਨ ਪਤਾ ਲੱਗਾ ਕਿ ਸ਼ਹਿਰ ਦੇ ਹਵਾ ਪ੍ਰਦੂਸ਼ਣ ਕਾਰਨ ਮੁਗਲ ਕਾਲ ਦੇ ਲਾਲ ਕਿਲ੍ਹੇ ਦੇ ਰੇਤਲੇ ਪੱਥਰ ’ਤੇ ਮੋਟੇ ਕਾਲੇ ਨਿਸ਼ਾਨ ਪੈ ਗਏ ਹਨ। ਅਧਿਐਨ ਮੁਤਾਬਕ ਵਿਰਾਸਤੀ ਇਮਾਰਤ ’ਤੇ ਹਵਾ ਪ੍ਰਦੂਸ਼ਣ ਦੇ ਪ੍ਰਭਾਵ ਦੇ ਵਿਸ਼ਲੇਸ਼ਣ ਦੌਰਾਨ ਲਾਲ ਸੈਂਡਸਟੋਨ ’ਤੇ ਮਿਲੀਆਂ ਕਾਲੀਆਂ ਪਰਤਾਂ ਦੀ ਮੋਟਾਈ 0.05 ਮਿਲੀਮੀਟਰ ਅਤੇ 0.5 ਮਿਲੀਮੀਟਰ ਦੇ ਵਿਚਾਲੇ ਹੈ। ਇਨ੍ਹਾਂ ਕਾਰਨ ਲਾਲ ਕਿਲ੍ਹਾ ‘ਕਾਲਾ’ ਹੋ ਰਿਹਾ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਜੇ ਰੋਕਥਾਮ ਲਈ ਕੋਈ ਕਦਮ ਨਾ ਚੁੱਕੇ ਗਏ ਤਾਂ ਕਾਲੇ ਧੱਬਿਆਂ ਕਾਰਨ ਮੁਗਲ ਕਾਲ ਦੇ ਸਮਾਰਕ ’ਤੇ ਨੱਕਾਸ਼ੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਦੱਸਣਯੋਗ ਹੈ ਕਿ ਕੌਮੀ ਰਾਜਧਾਨੀ ਦਿੱਲੀ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਹੈ। ਇਹ 17ਵੀਂ ਸਦੀ ਦੇ ਸਮਾਰਕ ’ਤੇ ਹਵਾ ਪ੍ਰਦੂਸ਼ਣ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕਰਨ ਵਾਲਾ ਪਹਿਲਾ ਅਜਿਹਾ ਅਧਿਐਨ ਹੈ, ਜੋ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਅਧੀਨ ਵਿਗਿਆਨ ਤੇ ਤਕਨਾਲੋਜੀ ਵਿਭਾਗ ਅਤੇ ਇਟਲੀ ਦੇ ਵਿਦੇਸ਼ ਮੰਤਰਾਲੇ ਵਿਚਾਲੇ ਸਹਿਯੋਗ ਨਾਲ ਕੀਤਾ ਗਿਆ। ਇਹ ਅਧਿਐਨ 2021 ਅਤੇ 2023 ਦੌਰਾਨ ਆਈਆਈਟੀ ਰੁੜਕੀ, ਆਈਆਈਟੀ ਕਾਨਪੁਰ, ਇਟਲੀ ਦੀ ਕੈ’ਫੌਸਕਰੀ ਯੂਨੀਵਰਸਿਟੀ ਅਤੇ ਭਾਰਤ ਦੇ ਪੁਰਾਤੱਤਵ ਸਰਵੇਖਣ (ਏ ਐੱਸ ਆਈ) ਦੇ ਵਿਗਿਆਨੀਆਂ ਨੇ ਕੀਤਾ ਸੀ। ਖੋਜਕਾਰਾਂ ਨੇ ਅਧਿਐਨ ਦੌਰਾਨ ਦਿੱਲੀ ਦੇ ਹਵਾ ਗੁਣਵੱਤਾ ਡੇਟਾ ਦਾ ਵੀ ਵਿਸ਼ਲੇਸ਼ਣ ਕੀਤਾ, ਜਿਸ ’ਚ ਕਾਲੇ ਧੱਬਿਆਂ ਦੀ ਗੱਲ ਸਾਹਮਣੇ ਆਈ।