‘ਵਿਚਾਰਕ ਤਖ਼ਤਾਪਲਟ’ ਕਰਨਾ ਚਾਹੁੰਦੀਆਂ ਨੇ ਭਾਜਪਾ-ਆਰਐੱਸਐੱਸ: ਸੋਨੀਆ ਗਾਂਧੀ
ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਅੱਜ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਸੰਵਿਧਾਨ ’ਚੋਂ ਸਮਾਜਵਾਦ ਤੇ ਧਰਮ ਨਿਰਪੱਖਤਾ ਹਟਾ ਕੇ ‘ਵਿਚਾਰਕ ਤਖ਼ਤਾਪਲਟ’ ਕਰਨ ਦੀ ਕੋਸ਼ਿਸ਼ ਵਿੱਚ ਹਨ (BJP doing ideological coup to replace republic with theocratic state)। ਉਨ੍ਹਾਂ ਕਾਂਗਰਸ ਦੇ ਕਾਨੂੰਨੀ ਵਿੰਗ ਵੱਲੋਂ ਕਰਵਾਏ ਸਾਲਾਨਾ ਕਾਨੂੰਨੀ ਸੰਮੇਲਨ ਲਈ ਭੇਜੇ ਸੁਨੇਹੇ ਵਿੱਚ ਇਹ ਵੀ ਕਿਹਾ ਕਿ ਕਾਂਗਰਸ ਸੰਵਿਧਾਨ ਨੂੰ ਸੁਰੱਖਿਅਤ ਰੱਖਣ ਲਈ ਸੰਸਦ ਤੋਂ ਲੈ ਕੇ ਸੜਕ ਤੱਕ ਸੰਘਰਸ਼ ਜਾਰੀ ਰੱਖੇਗੀ। ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਇਸ ਪ੍ਰੋਗਰਾਮ ਵਿੱਚ ਸੋਨੀਆ ਗਾਂਧੀ ਦਾ ਸੁਨੇਹਾ ਪੜ੍ਹ ਕੇ ਸੁਣਾਇਆ।
ਸੋਨੀਆ ਗਾਂਧੀ ਨੇ ਦੋਸ਼ ਲਾਇਆ, ‘‘ਭਾਜਪਾ ਸਾਡੇ ਲੋਕਤੰਤਰੀ ਗਣਰਾਜ ਨੂੰ ਇੱਕ ਅਜਿਹੇ ਧਰਮ-ਆਧਾਰਿਤ ਕਾਰਪੋਰੇਟ ਰਾਜ ਨਾਲ ਬਦਲ ਕੇ ਇੱਕ ਵਿਚਾਰਧਾਰਕ ਤਖ਼ਤਾਪਲਟ ਕਰਨਾ ਚਾਹੁੰਦੀ ਹੈ ਜੋ ਕਿ ਸਿਰਫ਼ ਕੁਝ ਸ਼ਕਤੀਸ਼ਾਲੀ ਲੋਕਾਂ ਦੀ ਸੇਵਾ ਕਰੇ।’’ ‘ਸੰਵਿਧਾਨਕ ਚੁਣੌਤੀਆਂ - ਦ੍ਰਿਸ਼ਟੀਕੋਣ ਅਤੇ ਮਾਰਗ’ ਬਾਰੇ ਦਿਨ ਭਰ ਚੱਲੇ ਕੌਮੀ ਕਾਨੂੰਨੀ ਸੰਮੇਲਨ ਵਿੱਚ ਪੜ੍ਹੇ ਗਏ ਆਪਣੇ ਵਿਸ਼ੇਸ਼ ਸੁਨੇਹੇ ਵਿੱਚ ਗਾਂਧੀ ਨੇ ਕਿਹਾ ਕਿ ਕਾਂਗਰਸ ਸੰਸਦ ਵਿੱਚ, ਅਦਾਲਤਾਂ ਵਿੱਚ ਅਤੇ ਸੜਕਾਂ ’ਤੇ ਸੰਵਿਧਾਨ ਨੂੰ ਕਮਜ਼ੋਰ ਕਰਨ ਦੀ ਹਰੇਕ ਕੋਸ਼ਿਸ਼ ਦਾ ਵਿਰੋਧ ਕਰੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਇੱਕ ਸਿਆਸੀ ਵਚਨਬੱਧਤਾ ਨਹੀਂ, ਸਗੋਂ ਹਰੇਕ ਭਾਰਤੀ ਦੀ ਇੱਜ਼ਤ ਦੀ ਰੱਖਿਆ ਲਈ ਇੱਕ ਵਿਚਾਰਧਾਰਕ ਵਚਨਬੱਧਤਾ ਹੈ।
ਉਨ੍ਹਾਂ ਕਿਹਾ, ‘‘ਅੱਜ, ਸੰਵਿਧਾਨ ਘੇਰੇ ਵਿੱਚ ਹੈ। ਭਾਜਪਾ-ਆਰਐੱਸਐੱਸ ਜਿਨ੍ਹਾਂ ਨੇ ਕਦੇ ਆਜ਼ਾਦੀ ਲਈ ਲੜਾਈ ਨਹੀਂ ਲੜੀ ਜਾਂ ਸਮਾਨਤਾ ਦਾ ਸਮਰਥਨ ਨਹੀਂ ਕੀਤਾ, ਹੁਣ ਉਸੇ ਢਾਂਚੇ ਨੂੰ ਖ਼ਤਮ ਕਰਨ ਲਈ ਆਪਣੀ ਸ਼ਕਤੀ ਦੀ ਵਰਤੋਂ ਕਰ ਰਹੇ ਹਨ ਜਿਸ ਦਾ ਉਨ੍ਹਾਂ ਨੇ ਲੰਬੇ ਸਮੇਂ ਤੋਂ ਵਿਰੋਧ ਕੀਤਾ ਹੈ।’’ ਸੋਨੀਆ ਗਾਂਧੀ ਨੇ ਕਿਹਾ, ‘‘ਹੁਣ ਉਹ ਸਮਾਜਵਾਦ ਅਤੇ ਧਰਮ ਨਿਰਪੱਖਤਾ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਜੋ ਕਿ ਸਮਾਨ ਨਾਗਰਿਕਤਾ ਬਾਰੇ ਡਾ. ਬੀਆਰ ਅੰਬੇਡਕਰ ਦੇ ਦ੍ਰਿਸ਼ਟੀਕੋਣ ਦੇ ਥੰਮ੍ਹ ਹਨ।’’
ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਭਿਸ਼ੇਕ ਸਿੰਘ ਨੇ ਭਾਜਪਾ ’ਤੇ ਲੋਕਤੰਤਰ ਨੂੰ ਦਬਦਬੇ ਵਿੱਚ ਅਤੇ ਇਸ ਦੀ ਬਹੁਲਤਾ ਨੂੰ ਧਰੁਵੀਕਰਨ ਵਿੱਚ ਬਦਲਣ ਦਾ ਦੋਸ਼ ਲਾਇਆ, ਕਿਉਂਕਿ ਉਨ੍ਹਾਂ ਨੇ ਭਾਰਤ ਨੂੰ ਇੱਕ ਆਵਾਜ਼, ਇੱਕ ਪਾਰਟੀ ਅਤੇ ਇੱਕ ਵਿਚਾਰਧਾਰਾ ਦਾ ਦੇਸ਼ ਨਾ ਬਣਨ ਦੇਣ ਦਾ ਸੰਕਲਪ ਲਿਆ ਹੈ।
ਪ੍ਰਧਾਨ ਮੰਤਰੀ ਦੇ ਹੱਥਾਂ ਦੀ ਕਠਪੁਤਲੀ ਹੈ ਚੋਣ ਕਮਿਸ਼ਨ: ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਹਾਰਾਸ਼ਟਰ ਵਿੱਚ ਵੋਟਰ ਸੂਚੀਆਂ ’ਚ ਕਥਿਤ ਹੇਰਾਫੇਰੀ ਦੇ ਵਿਸ਼ੇ ਨੂੰ ਲੈ ਕੇ ਅੱਜ ਚੋਣ ਕਮਿਸ਼ਨ ’ਤੇ ਨਿਸ਼ਾਨਾ ਸੇਧਿਆ ਅਤੇ ਦੋਸ਼ ਲਗਾਇਆ ਕਿ ਇਹ ਸੰਵਿਧਾਨਕ ਸੰਸਥਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਦੀ ਕਠਪੁਤਲੀ (EC has become PM Modi's 'puppet') ਹੈ। ਉਨ੍ਹਾਂ ਕਾਂਗਰਸ ਦੇ ਕਾਨੂੰਨੀ ਸੰਮੇਲਨ ਵਿੱਚ ਇਹ ਦਾਅਵਾ ਵੀ ਕੀਤਾ ਕਿ ਭਾਜਪਾ ਅਤੇ ਆਰਐੱਸਐੱਸ ਦੇਸ਼ ਦਾ ਸੰਵਿਧਾਨ ਬਦਲਨਾ ਚਾਹੁੰਦੀਆਂ ਨੇ, ਪਰ ਜਨਤਾ ਅਜਿਹਾ ਨਹੀਂ ਹੋਣ ਦੇਵੇਗੀ। ਖੜਗੇ ਨੇ ਦਾਅਵਾ ਕੀਤਾ, ‘‘ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਵੋਟਰ ਸੂਚੀਆਂ ’ਚ ਨਾਮ ਜੋੜੇ ਗਏ। ਮਹਾਰਾਸ਼ਟਰ ਦੇ ਇਕ ਹੋਸਟਲ ਵਿੱਚ 9000 ਵੋਟਰ ਕਿਵੇਂ ਹੋ ਸਕਦੇ ਹਨ?’’ ਉਨ੍ਹਾਂ ਕਿਹਾ, ‘‘ਭਾਰਤ ਦਾ ਸੰਵਿਧਾਨ ਸਿਰਫ਼ ਇਕ ਕਾਨੂੰਨੀ ਦਸਤਾਵੇਜ਼ ਨਹੀਂ ਹੈ ਬਲਕਿ ਇਹ ਸਾਡੇ ਲੋਕਤੰਤਰ ਦੀ ਆਤਮਾ ਹੈ। ਇਹ ਹਰੇਕ ਭਾਰਤੀ ਨੂੰ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦਾ ਅਧਿਕਾਰ ਦਿੰਦਾ ਹੈ ਪਰ ਅੱਜ ਸੰਵਿਧਾਨ ਖ਼ਤਰੇ ’ਚ ਹੈ।’’ ਉਨ੍ਹਾਂ ਦਾਅਵਾ ਕੀਤਾ, ‘‘ਸੱਤਾ ਵਿੱਚ ਬੈਠੇ ਨੇਤਾ ਸੰਵਿਧਾਨ ਬਦਲਣ ਦੀ ਗੱਲ ਕਰ ਰਹੇ ਹਨ ਪਰ ਉਹ ਅਜਿਹਾ ਨਹੀਂ ਕਰ ਸਕਦੇ। ਉਨ੍ਹਾਂ ਕੋਲ ਅਜਿਹਾ ਕਰਨ ਦੀ ਤਾਕਤ ਹੀ ਨਹੀਂ ਹੈ ਜੋ ਇਸ ਦੇਸ਼ ਦੀ ਜਨਤਾ ਕੋਲ ਹੈ।’’