ਭਾਜਪਾ ਨੂੰ ਜਲਦ ਹੀ ਮਿਲ ਸਕਦੈ ਨਵਾਂ ਕੌਮੀ ਪ੍ਰਧਾਨ!
ਲੰਬੇ ਸਮੇਂ ਤੋਂ ਲਟਕ ਰਹੀ ਭਾਜਪਾ ਦੇ ਕੌਮੀ ਪ੍ਰਧਾਨ ਦੀ ਚੋਣ ਹੋਣ ਦੇ ਪਹਿਲੇ ਸੰਕੇਤ ਵੀਰਵਾਰ ਰਾਤ ਨੂੰ ਉਦੋਂ ਸਾਹਮਣੇ ਆਏ ਜਦੋਂ ਪਾਰਟੀ ਨੇ ਉੱਤਰ ਪ੍ਰਦੇਸ਼ ਦੀ ਸੂਬਾਈ ਇਕਾਈ ਲਈ ਪ੍ਰਧਾਨ ਦੀ ਚੋਣ ਨੂੰ ਅੰਤਿਮ ਰੂਪ ਦੇ ਦਿੱਤਾ। ਭਾਜਪਾ ਦੇ ਸੰਗਠਨਾਤਮਕ ਚੋਣ ਇੰਚਾਰਜ ਕੇ. ਲਕਸ਼ਮਣ ਨੇ ਪਹਿਲਾਂ ਕਿਹਾ ਸੀ ਕਿ ਭਾਜਪਾ ਪ੍ਰਧਾਨ ਦੀ ਚੋਣ ਉਦੋਂ ਹੋਵੇਗੀ ਜਦੋਂ ਯੂ ਪੀ, ਹਰਿਆਣਾ ਅਤੇ ਦਿੱਲੀ ਸਮੇਤ ਪ੍ਰਮੁੱਖ ਰਾਜਾਂ ਵਿੱਚ ਪਾਰਟੀ ਪ੍ਰਧਾਨਾਂ ਦੀ ਚੋਣ ਹੋ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਯੂ ਪੀ ਭਾਜਪਾ ਪ੍ਰਧਾਨਗੀ ਚੋਣ ਲਈ ਨਾਮਜ਼ਦਗੀਆਂ 13 ਦਸੰਬਰ ਨੂੰ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਮੌਜੂਦਗੀ ਵਿੱਚ ਹੋਣਗੀਆਂ। ਜੇ ਸਿਰਫ਼ ਇੱਕ ਹੀ ਨਾਮਜ਼ਦਗੀ ਪ੍ਰਾਪਤ ਹੁੰਦੀ ਹੈ, ਜਿਸ ਦੀ ਸੰਭਾਵਨਾ ਜ਼ਿਆਦਾ ਹੈ, ਤਾਂ ਭਾਜਪਾ ਉੱਤਰ ਪ੍ਰਦੇਸ਼ ਦੇ ਪ੍ਰਧਾਨ ਦੇ ਨਾਂ ਦਾ ਐਲਾਨ ਸੂਬਾਈ ਭਾਜਪਾ ਚੋਣ ਇੰਚਾਰਜ ਪੀਯੂਸ਼ ਗੋਇਲ ਵੱਲੋਂ 14 ਦਸੰਬਰ ਨੂੰ ਕੀਤਾ ਜਾਵੇਗਾ।
ਸੂਤਰਾਂ ਨੇ ਦੱਸਿਆ ਕਿ ਭਾਜਪਾ ਇਸੇ ਤਰ੍ਹਾਂ ਜਲਦੀ ਹੀ ਦਿੱਲੀ ਅਤੇ ਹਰਿਆਣਾ ਸਮੇਤ ਬਾਕੀ ਰਾਜਾਂ ਵਿੱਚ ਵੀ ਪ੍ਰਧਾਨਾਂ ਦੀ ਚੋਣ ਲਈ ਸਮਾਂ ਤੈਅ ਕਰੇਗੀ। ਭਾਜਪਾ ਦੇ ਸੰਵਿਧਾਨ ਅਨੁਸਾਰ ਕੌਮੀ ਪ੍ਰਧਾਨ ਦੀ ਚੋਣ ਉਦੋਂ ਹੋ ਸਕਦੀ ਹੈ ਜਦੋਂ ਅੱਧੀਆਂ ਸੂਬਾਈ ਸੰਗਠਨਾਤਮਕ ਇਕਾਈਆਂ ਵਿੱਚ ਪ੍ਰਧਾਨਾਂ ਦੀ ਚੋਣ ਹੋ ਚੁੱਕੀ ਹੋਵੇ। ਹਾਲਾਂਕਿ ਇਹ ਸ਼ਰਤ ਤਿੰਨ ਮਹੀਨੇ ਪਹਿਲਾਂ ਪੂਰੀ ਹੋ ਗਈ ਸੀ, ਪਰ ਭਾਜਪਾ ਚੋਣ ਨੂੰ ਮੁਲਤਵੀ ਕਰਦੀ ਆ ਰਹੀ ਸੀ।
ਮੌਜੂਦਾ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੂੰ ਲੰਬਾ ਵਾਧਾ ਦਿੱਤਾ ਗਿਆ ਹੈ।
