ਦਿੱਲੀ ਵਿੱਚ ਵੋਟ ਪਾਉਣ ਵਾਲੇ BJP ਆਗੂਆਂ ਨੇ ਬਿਹਾਰ ਚੋਣਾਂ ਦੇ ਪਹਿਲੇ ਪੜਾਅ ਵਿੱਚ ਵੀ ਵੋਟ ਪਾਈ: ਰਾਹੁਲ ਗਾਂਧੀ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਦੇ ਜਿਨ੍ਹਾਂ ਆਗੂਆਂ ਨੇ ਦਿੱਲੀ ਵਿੱਚ ਵੋਟ ਪਾਈ ਸੀ, ਉਨ੍ਹਾਂ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ ਵੀ ਵੋਟ ਦਾ ਇਸਤੇਮਾਲ ਕੀਤਾ।
ਬਾਂਕਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਨੇ ਹਰਿਆਣਾ ਚੋਣਾਂ ਵਿੱਚ ‘ਵੋਟ ਚੋਰੀ’ ਦੇ ਸਬੂਤ ਪੇਸ਼ ਕੀਤੇ ਹਨ, ਅਤੇ ਚੋਣ ਕਮਿਸ਼ਨ ਇਨ੍ਹਾਂ ਦੋਸ਼ਾਂ ਨੂੰ ਰੱਦ ਨਹੀਂ ਕਰ ਸਕਦਾ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਬੁੱਧਵਾਰ ਨੂੰ ਦੋਸ਼ ਲਾਇਆ ਸੀ ਕਿ ਪਿਛਲੇ ਸਾਲ ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਚੋਰੀ ਕੀਤੀ ਗਈ ਸੀ, ਜਿਸ ਲਈ ਉਨ੍ਹਾਂ ਨੇ ਚੋਣ ਸੂਚੀ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ 25 ਲੱਖ ਐਂਟਰੀਆਂ ਜਾਅਲੀ ਸਨ ਅਤੇ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਨੇ ਭਾਜਪਾ ਨਾਲ ਮਿਲੀਭੁਗਤ ਕੀਤੀ।
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, "ਮੈਨੂੰ ਕੱਲ੍ਹ ਪਤਾ ਲੱਗਾ ਕਿ ਜਿਨ੍ਹਾਂ ਭਾਜਪਾ ਆਗੂਆਂ ਨੇ ਦਿੱਲੀ ਵਿੱਚ ਵੋਟ ਪਾਈ ਸੀ, ਉਨ੍ਹਾਂ ਨੇ ਵੀ ਬਿਹਾਰ ਚੋਣਾਂ ਦੇ ਪਹਿਲੇ ਪੜਾਅ (ਵੀਰਵਾਰ ਨੂੰ) ਵਿੱਚ ਵੋਟ ਪਾਈ।"
ਗਾਂਧੀ ਨੇ ਦਾਅਵਾ ਕੀਤਾ, ‘‘ਹਰਿਆਣਾ ਵਿੱਚ 2 ਕਰੋੜ ਵੋਟਰਾਂ ਵਿੱਚੋਂ 29 ਲੱਖ ਵੋਟਰ ਜਾਅਲੀ ਹਨ... ਭਾਜਪਾ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਹਰਿਆਣਾ ਵਿੱਚ 'ਵੋਟ ਚੋਰੀ' ਕੀਤੀ, ਅਤੇ ਹੁਣ ਉਹ ਇਸ ਨੂੰ ਬਿਹਾਰ ਵਿੱਚ ਦੁਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ, ਮੈਨੂੰ ਯਕੀਨ ਹੈ ਕਿ ਬਿਹਾਰ ਦੇ ਲੋਕ ਆਪਣੇ ਸੂਬੇ ਵਿੱਚ ਅਜਿਹਾ ਨਹੀਂ ਹੋਣ ਦੇਣਗੇ।’’
