ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੁਣ ਚੋਣ ਕਮਿਸ਼ਨ ਦਾ ਸਹਾਰਾ ਲੈ ਰਹੀ ਹੈ ਭਾਜਪਾ: ਤੇਜਸਵੀ

ਆਰਜੇਡੀ ਆਗੂ ਨੇ ਮੁਜ਼ੱਫਰਪੁਰ ਦੀ ਮੇਅਰ ਦੇ ਦੋ-ਦੋ ਵੋਟਰ ਕਾਰਡ ਹੋਣ ਦਾ ਕੀਤਾ ਦਾਅਵਾ
ਆਰਜੇਡੀ ਆਗੂ ਤੇਜਸਵੀ ਯਾਦਵ ਪਟਨਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ; ਪੀਟੀਆਈ
Advertisement
ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਤੇਜਸਵੀ ਯਾਦਵ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ’ਤੇ ‘ਵੋਟ ਚੋਰੀ’ ਕਰਨ ਲਈ ਭਾਜਪਾ ਨਾਲ ਮਿਲੀਭੁਗਤ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਭਾਜਪਾ ਚੋਣਾਂ ਜਿੱਤਣ ਲਈ ਈਡੀ ਅਤੇ ਸੀਬੀਆਈ ਮਗਰੋਂ ਹੁਣ ਚੋਣ ਕਮਿਸ਼ਨ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਚੋਣ ਕਮਿਸ਼ਨ ਭਾਜਪਾ ਆਗੂਆਂ ਨੂੰ ਦੋ-ਦੋ ਵੋਟਰ ਸ਼ਨਾਖ਼ਤੀ ਕਾਰਡ ਹਾਸਲ ਕਰਨ ’ਚ ਸਹਾਇਤਾ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਜ਼ੱਫਰਪੁਰ ਦੀ ਮੇਅਰ ਨਿਰਮਲਾ ਦੇਵੀ ਦੇ ਦੋ-ਦੋ ਵੋਟਰ ਆਈਡੀ ਕਾਰਡ ਹਨ। ਉਨ੍ਹਾਂ ਹੈਰਾਨੀ ਜਤਾਈ ਕਿ ਮੇਅਰ ਦੇ ਪਰਿਵਾਰ ਦੇ ਦੋ ਮੈਂਬਰਾਂ ਕੋਲ ਵੀ ਇਕ ਹੀ ਵਿਧਾਨ ਸਭਾ ਹਲਕੇ ਦੇ ਦੋ ਵੱਖ-ਵੱਖ ਬੂਥਾਂ ’ਤੇ ਦੋ ਵੱਖ ਵੱਖ ਵੋਟਰ ਪਛਾਣ ਪੱਤਰ ਹਨ। ਤੇਜਸਵੀ ਨੇ ਦੁਹਰਾਇਆ ਕਿ ਜੇ ਵੋਟਰ ਸੂਚੀ ’ਚ ਕਥਿਤ ਬੇਨਿਯਮੀਆਂ ਦਰੁਸਤ ਨਾ ਕੀਤੀਆਂ ਗਈਆਂ ਤਾਂ ਆਰਜੇਡੀ ਬਿਹਾਰ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰ ਸਕਦੀ ਹੈ। ਆਰਜੇਡੀ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਨਾਲ ‘ਵੋਟ ਅਧਿਕਾਰ ਯਾਤਰਾ’ ’ਚ ਸ਼ਾਮਲ ਹੋਵੇਗੀ ਅਤੇ ਇਸ ਦੀ ਸਮਾਪਤੀ ਮਗਰੋਂ ਫ਼ੈਸਲਾ ਲਿਆ ਜਾਵੇਗਾ ਕਿ ਉਨ੍ਹਾਂ ਵਿਧਾਨ ਸਭਾ ਚੋਣਾਂ ’ਚ ਹਿੱਸਾ ਲੈਣਾ ਹੈ ਜਾਂ ਨਹੀਂ। ਤੇਜਸਵੀ ਨੇ ਇਹ ਵੀ ਦੋਸ਼ ਲਾਇਆ ਕਿ ਹੁਣ ਗੁਜਰਾਤ ਦੇ ਨਿਵਾਸੀ ਬਿਹਾਰ ’ਚ ਵੋਟਰ ਬਣ ਗਏ ਹਨ। ‘ਗੁਜਰਾਤ ਨਿਵਾਸੀ ਭਾਜਪਾ ਦੀ ਬਿਹਾਰ ਇਕਾਈ ਦੇ ਇੰਚਾਰਜ ਭੀਖੂਭਾਈ ਦਲਸਾਨੀਆ ਪਟਨਾ ’ਚ ਵੋਟਰ ਬਣ ਗਏ ਹਨ। ਉਨ੍ਹਾਂ ਪਿਛਲੀਆਂ ਲੋਕ ਸਭਾ ਚੋਣਾਂ ’ਚ ਗੁਜਰਾਤ ’ਚ ਵੋਟ ਪਾਇਆ ਸੀ। ਪਿਛਲੇ ਕੁਝ ਸਾਲਾਂ ਤੋਂ ਉਹ ਥਾਂ ਬਦਲ-ਬਦਲ ਕੇ ਵੋਟਿੰਗ ਕਰ ਰਹੇ ਹਨ।’ ਉਨ੍ਹਾਂ ਚੋਣ ਕਮਿਸ਼ਨ ’ਤੇ ਵਿਰੋਧੀ ਧਿਰਾਂ ਦੀਆਂ ਵੋਟਾਂ ਦਬਾਉਣ ਅਤੇ ਭਾਜਪਾ ਦੇ ਪੱਖ ’ਚ ਵੋਟਰਾਂ ਨੂੰ ਜੋੜਨ ਲਈ ਕੰਮ ਕਰਨ ਦਾ ਦੋਸ਼ ਲਾਇਆ।

ਚੋਣ ਕਮਿਸ਼ਨ ਨੇ ਮੇਅਰ ਨੂੰ ਜਾਰੀ ਕੀਤਾ ਨੋਟਿਸ

ਪਟਨਾ: ਆਰਜੇਡੀ ਆਗੂ ਤੇਜਸਵੀ ਯਾਦਵ ਵੱਲੋਂ ਦੋਸ਼ ਲਗਾਏ ਜਾਣ ਮਗਰੋਂ ਚੋਣ ਕਮਿਸ਼ਨ ਨੇ ਦੋ ਵੋਟਰ ਆਈਡੀ ਕਾਰਡ ਰੱਖਣ ਲਈ ਮੁਜ਼ੱਫਰਪੁਰ ਦੀ ਮੇਅਰ ਅਤੇ ਭਾਜਪਾ ਆਗੂ ਨਿਰਮਲਾ ਦੇਵੀ ਨੂੰ ਨੋਟਿਸ ਜਾਰੀ ਕਰਕੇ 16 ਅਗਸਤ ਤੱਕ ਜਵਾਬ ਦੇਣ ਲਈ ਆਖਿਆ ਹੈ। ਚੋਣ ਕਮਿਸ਼ਨ ਨੇ ਉਸ ਦੇ ਦੋ ਰਿਸ਼ਤੇਦਾਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਕੋਲ ਇਕੋ ਵਿਧਾਨ ਸਭਾ ਹਲਕੇ ਦੇ ਦੋ-ਦੋ ਬੂਥਾਂ ਦੇ ਵੋਟਰ ਕਾਰਡ ਹਨ। -ਪੀਟੀਆਈ

Advertisement

 

 

Advertisement