ਭਾਜਪਾ ਸਰਕਾਰ ਬੁਨਿਆਦੀ ਢਾਂਚਾ ਮਜ਼ਬੂਤ ਕਰ ਰਹੀ ਹੈ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ ਨੂੰ ਸੁਰਜੀਤ ਕਰਨ ਲਈ ਇੱਕ ਸੰਪੂਰਨ ਦ੍ਰਿਸ਼ਟੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ 11 ਸਾਲਾਂ ਵਿੱਚ ਅਜਿਹਾ ਸ਼ਾਸਨ ਮਾਡਲ ਦੇਖਿਆ ਹੈ ਜੋ ਪਾਰਦਰਸ਼ੀ, ਸੰਵੇਦਨਸ਼ੀਲ ਅਤੇ ਨਾਗਰਿਕ-ਕੇਂਦਰਿਤ ਹੈ। ਉਹ ਇੱਥੇ ਕਰਤੱਵਿਆ ਭਵਨ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਅਫ਼ਸਰਸ਼ਾਹੀ ਲਈ ਬਣਾਏ ਜਾ ਰਹੇ ਸਾਂਝੇ ਕੇਂਦਰੀ ਸਕੱਤਰੇਤ ਦੀਆਂ ਦਸ ਇਮਾਰਤਾਂ ’ਚੋਂ ਇਹ ਪਹਿਲਾ ਭਵਨ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਅਤੇ ਹੋਰ ਬੁਨਿਆਦੀ ਢਾਂਚਾ ਸਹੂਲਤਾਂ ਭਾਰਤ ਦੇ ਆਲਮੀ ਦ੍ਰਿਸ਼ਟੀਕੋਣ ਦਾ ਪ੍ਰਤੀਕ ਹਨ। ਸਰਕਾਰ ਦੀ ਪ੍ਰਸ਼ਾਸਕੀ ਮਸ਼ੀਨਰੀ ਦਹਾਕਿਆਂ ਤੋਂ ਬਰਤਾਨਵੀ-ਯੁੱਗ ਦੀਆਂ ਇਮਾਰਤਾਂ ’ਚੋਂ ਚੱਲ ਰਹੀ ਸੀ, ਜਿੱਥੇ ਕੰਮ ਕਰਨ ਦੇ ਹਾਲਾਤ ਮਾੜੇ ਸਨ ਅਤੇ ਥਾਂ, ਰੋਸ਼ਨੀ ਤੇ ਹਵਾ ਆਦਿ ਦੀ ਘਾਟ ਸੀ। ਉਨ੍ਹਾਂ ਕਿਹਾ, ‘‘ਸਾਨੂੰ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਦੀ ਸਫ਼ਲਤਾ ਦੀ ਕਹਾਣੀ ਲਿਖਣ ਲਈ ਇਕੱਠੇ ਕੰਮ ਕਰਨਾ ਹੋਵੇਗਾ। ਇਹ ਸਾਡਾ ਸੰਕਲਪ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੀ ਅਤੇ ਦੇਸ਼ ਦੀ ਉਤਪਾਦਕਤਾ ਨੂੰ ਵਧਾਵਾਂਗੇ।’’ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ‘‘ਕਰਤੱਵਿਆ ਭਵਨ ਦੇਸ਼ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਸੰਕਲਪ ਦਾ ਪ੍ਰਤੀਕ ਹੈ। ਇਹ ਇੱਕ ਵਿਕਸਤ ਭਾਰਤ ਦੀਆਂ ਨੀਤੀਆਂ ਅਤੇ ਦਿਸ਼ਾ ਦੀ ਅਗਵਾਈ ਕਰੇਗਾ।’’ ਉਨ੍ਹਾਂ ਇਹ ਵੀ ਕਿਹਾ ਕਿ ਇਹ ਆਤਮ-ਨਿਰੀਖਣ ਦਾ ਪਲ ਹੈ ਕਿਉਂਕਿ ਭਾਰਤ ਉਸ ਰਫ਼ਤਾਰ ਨਾਲ ਵਿਕਾਸ ਨਹੀਂ ਕਰ ਸਕਿਆ ਜਿਸ ਰਫ਼ਤਾਰ ਨਾਲ ਕਈ ਹੋਰ ਉਨ੍ਹਾਂ ਦੇਸ਼ਾਂ ਨੇ ਕੀਤੀ, ਜਿਨ੍ਹਾਂ ਨੂੰ ਉਸੇ ਸਮੇਂ ਦੇ ਆਸ-ਪਾਸ ਆਜ਼ਾਦੀ ਮਿਲੀ ਸੀ। ਉਨ੍ਹਾਂ ਕਿਹਾ, ‘‘ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਮੌਜੂਦਾ ਸਮੱਸਿਆਵਾਂ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਨਾ ਛੱਡੀਏ।’’
ਭਵਨ ਵਿੱਚ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਸਣੇ ਕਈ ਹੋਰ ਦਫ਼ਤਰ
ਕਰਤੱਵਿਆ ਭਵਨ-03 ਨਾਮ ਦੀ ਇਸ ਇਮਾਰਤ ਵਿੱਚ ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ, ਪੇਂਡੂ ਵਿਕਾਸ, ਐੱਮਐੱਸਐੱਮਈ, ਪਰਸੋਨਲ ਤੇ ਸਿਖਲਾਈ ਵਿਭਾਗ, ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਅਤੇ ਪ੍ਰਮੁੱਖ ਵਿਗਿਆਨੀ ਸਲਾਹਕਾਰ ਦਾ ਦਫ਼ਤਰ ਹੋਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਰਤੱਵਿਆ ਭਵਨ-03 ਦੀ ਉਸਾਰੀ ਵਿੱਚ ਯੋਗਦਾਨ ਪਾਉਣ ਵਾਲੇ ਉਸਾਰੀ ਕਾਮਿਆਂ ਨਾਲ ਵੀ ਗੱਲਬਾਤ ਕੀਤੀ। ਇਸ ਭਵਨ ਵਿੱਚ 24 ਕਾਨਫਰੰਸ ਹਾਲ ਹਨ ਤੇ ਹਰੇਕ ਵਿੱਚ 45 ਵਿਅਕਤੀਆਂ ਦੇ ਬੈਠਣ ਦੀ ਵਿਵਸਥਾ ਹੈ। ਇਸ ਤੋਂ ਇਲਾਵਾ 25 ਵਿਅਕਤੀਆਂ ਦੀ ਸਮਰੱਥਾ ਵਾਲੇ 26 ਛੋਟੇ ਕਾਨਫਰੰਸ ਹਾਲ ਹਨ, 67 ਮੀਟਿੰਗ ਰੂਮ ਹਨ ਅਤੇ 27 ਲਿਫ਼ਟਾਂ ਹਨ।