ਭਾਜਪਾ ਸਰਕਾਰ ਲੋਕਾਂ ਨੂੰ ਵੰਡਣ ਤੇ ਫਾਸ਼ੀਵਾਦੀ ਰਾਹ ’ਤੇ ਪਈ: ਡੀ ਰਾਜਾ
ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਨੇ 25ਵੀਂ ਪਾਰਟੀ ਕਾਂਗਰਸ ਦੇ ਪਹਿਲੇ ਦਿਨ ਮੁਹਾਲੀ ਦੇ ਫੇਜ਼-11 ਦੀ ਸਬਜ਼ੀ ਮੰਡੀ ਵਿੱਚ ਰੈਲੀ ਕੀਤੀ। ਇਸ ਮੌਕੇ ਪਾਰਟੀ ਦੇ ਦੇਸ਼ ਭਰ ਤੋਂ ਆਏ 900 ਦੇ ਕਰੀਬ ਡੈਲੀਗੇਟਾਂ ਅਤੇ ਹਜ਼ਾਰਾਂ ਵਰਕਰਾਂ ਨੇ ਲਾਲ ਝੰਡੇ ਹੱਥਾਂ ਵਿਚ ਫੜ ਕੇ ਸ਼ਮੂਲੀਅਤ ਕੀਤੀ ਅਤੇ ਕੇਂਦਰ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਰੈਲੀ ਨੂੰ ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ, ਪਾਰਟੀ ਦੀ ਕੌਮੀ ਸਕੱਤਰ ਅਮਰਜੀਤ ਕੌਰ, ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਅਤੇ ਕੌਮੀ ਕੌਂਸਲ ਦੇ ਮੈਂਬਰ ਹਰਦੇਵ ਅਰਸ਼ੀ, ਜਗਰੂਪ ਸਿੰਘ, ਨਿਰਮਲ ਸਿੰਘ ਧਾਲੀਵਾਲ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ 25ਵਾਂ ਮਹਾਂ ਸੰਮੇਲਨ ਮੌਜੂਦਾ ਖਤਰਨਾਕ ਸਥਿਤੀ ਵਿੱਚ ਦੇਸ਼ ਦਾ ਭਵਿੱਖ ਨਿਖਾਰਨ ਲਈ ਰਾਹ ਉਲੀਕੇਗਾ।
ਰੈਲੀ ਨੂੰ ਸੰਬੋਧਨ ਕਰਦਿਆਂ ਡੀ ਰਾਜਾ ਨੇ ਕਿਹਾ ਕਿ ਦੇਸ਼ ਦੀ ਭਾਜਪਾ ਸਰਕਾਰ ਜਮਹੂਰੀਅਤ ਮਾਰੂ, ਲੋਕਾਂ ਨੂੰ ਵੰਡਣ ਅਤੇ ਫਾਸ਼ੀਵਾਦੀ ਰਸਤੇ ’ਤੇ ਪੈ ਗਈ ਹੈ ਪਰ ਪੰਜਾਬ ਦੇ ਲੋਕ ਆਰ ਐੱਸ ਐੱਸ-ਭਾਜਪਾ ਦੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਹੜ੍ਹਾਂ ਦੀ ਤਬਾਹੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਦੇ ਜੋਸ਼ ਅਤੇ ਉਤਸ਼ਾਹ ਦੀ ਸ਼ਲਾਘਾ ਕੀਤੀ।
ਏਟਕ ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਮਜ਼ਦੂਰਾਂ ਦੇ ਹੱਕ ਖੋਹ ਕੇ ਸਭ ਕੁਝ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਰਹੀ ਹੈ, ਜਿਸ ਦਾ ਮਜ਼ਦੂਰ ਜਮਾਤ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਡਟ ਕੇ ਵਿਰੋਧ ਕਰੇਗੀ। ਪੰਜਾਬ ਸੀ ਪੀ ਆਈ ਦੇ ਆਗੂਆਂ ਬੰਤ ਸਿੰਘ ਬਰਾੜ ਅਤੇ ਹੋਰਨਾਂ ਨੇ ਕੇਂਦਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰ ਰਹੀ ਹੈ। ਉਨ੍ਹਾਂ ਬੇਰੁਜ਼ਗਾਰੀ ਦਾ ਮੁੱਦਾ ਚੁੱਕਦਿਆਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੁਜ਼ਗਾਰ ਗਾਰੰਟੀ ਅਤੇ ਕੰਮ ਦੇ ਅਧਿਕਾਰ ਲਈ ‘ਬਨੇਗਾ’ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ ਤੇ ਇਸਤਰੀਆਂ ਦੇ ਮੁੱਦੇ ਵੀ ਚੁੱਕੇ। ਇਸ ਤੋਂ ਇਲਾਵਾ ਉਨ੍ਹਾਂ ਹੜ੍ਹ ਪੀੜਤਾਂ ਨੂੰ ਵਧੇਰੇ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਡਾਕਟਰ ਸਵਰਾਜਬੀਰ, ਕਾਮਰੇਡ ਭੁਪਿੰਦਰ ਸਾਂਭਰ, ਹਰਭਜਨ ਸਿੰਘ ਸਮੇਤ ਹੋਰ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਇਕਬਾਲ ਕੌਰ ਉਦਾਸੀ, ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਦੇਸ਼ ਰਾਜ ਲਚਕਾਨੀ, ਇਪਟਾ ਮੋਗਾ ਅਤੇ ਹੋਰ ਗੀਤਕਾਰਾਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਇਨਕਲਾਬੀ ਗੀਤ ਗਾਏ।
ਇਤਿਹਾਸਕ ਥਾਵਾਂ ਤੋਂ ਇਨਕਲਾਬੀ ਮਸ਼ਾਲਾਂ ਲੈ ਕੇ ਪੁੱਜੇ ਨੌਜਵਾਨਾਂ ਦੇ ਜਥੇ
ਰੈਲੀ ਵਿੱਚ ਉਸ ਵੇਲੇ ਹੋਰ ਜੋਸ਼ ਭਰ ਗਿਆ ਜਦੋਂ ਨੌਜਵਾਨਾਂ ਦੇ ਜਥੇ ਮੋਮਬੱਤੀਆਂ ਅਤੇ ਇਨਕਲਾਬੀ ਮਸ਼ਾਲਾਂ ਲੈ ਕੇ ਪਹੁੰਚੇ। ਇਹ ਮਸ਼ਾਲਾਂ ਜੱਲ੍ਹਿਆਂਵਾਲਾ ਬਾਗ, ਹੁਸੈਨੀਵਾਲਾ ਅਤੇ ਗਦਰ ਪਾਰਟੀ ਦੇ ਬਾਨੀ ਬਾਬਾ ਸੋਹਨ ਸਿੰਘ ਭਕਨਾ ਦੇ ਪਿੰਡ ਭਕਨਾ ਤੋਂ ਲਿਆਂਦੀਆਂ ਗਈਆਂ ਸਨ। ਇਨ੍ਹਾਂ ਮਸ਼ਾਲਾਂ ਦੀ ਆਮਦ ਨੂੰ ਸੰਘਰਸ਼ ਅਤੇ ਕੁਰਬਾਨੀ ਦੀ ਭਾਵਨਾ ਦਾ ਪ੍ਰਤੀਕ ਮੰਨਿਆ ਗਿਆ। ਇਸ ਦੌਰਾਨ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ ਗਏ।