ਸੱਤਾ ਵਿੱਚ ਰਹਿਣ ਲਈ ਭਾਜਪਾ ਕਿਸੇ ਵੀ ਹੱਦ ਤੱਕ ਅਨੈਤਿਕਤਾ ਕਰ ਸਕਦੀ ਹੈ : ਖੜਗੇ
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਸੱਤਾਧਾਰੀ ਭਾਜਪਾ ਸੱਤਾ ਵਿੱਚ ਬਣੇ ਰਹਿਣ ਲਈ ਕਿਸੇ ਵੀ ਹੱਦ ਤੱਕ ਅਨੈਤਿਕਤਾ ’ਤੇ ਉਤਰਨ ਲਈ ਤਿਆਰ ਹੈ ਅਤੇ ਦੁਹਰਾਇਆ ਕਿ ਦੇਸ਼ ਭਰ ਵਿੱਚ ਚੋਣਾਂ ਵਿੱਚ ਕਈ ‘ਬੇਨਿਯਮੀਆਂ’ ਸਾਹਮਣੇ ਆ ਰਹੀਆਂ ਹਨ।
ਇੰਦਰਾ ਭਵਨ ਕਾਂਗਰਸ ਹੈੱਡਕੁਆਰਟਰ ’ਤੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਆਜ਼ਾਦੀ ਦਿਵਸ ਦੇ ਭਾਸ਼ਣ ਵਿੱਚ ਖੜਗੇ ਨੇ ਦੋਸ਼ ਲਗਾਇਆ ਕਿ ਬਿਹਾਰ ਦੀਆਂ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ (SIR) ਦੇ ਨਾਮ 'ਤੇ ਵਿਰੋਧੀ ਧਿਰ ਦੀਆਂ ਵੋਟਾਂ ਖੁੱਲ੍ਹੇਆਮ ਕੱਟੀਆਂ ਜਾ ਰਹੀਆਂ ਹਨ, ਜਦੋਂ ਕਿ ਜਿਉਂਦੇ ਲੋਕਾਂ ਨੂੰ ਮ੍ਰਿਤ ਘੋਸ਼ਿਤ ਕੀਤਾ ਜਾ ਰਿਹਾ ਹੈ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਨੂੰ 65 ਲੱਖ ਲੋਕਾਂ ਦੀਆਂ ਵੋਟਾਂ ਕੱਟਣ ’ਤੇ ਕੋਈ ਇਤਰਾਜ਼ ਨਾ ਹੋਣ ਤੋਂ ਪਤਾ ਲੱਗਦਾ ਹੈ ਕਿ SIR ਅਭਿਆਸ ਤੋਂ ਕਿਸ ਨੂੰ ਫਾਇਦਾ ਹੋਇਆ। ਖੜਗੇ ਨੇ ਕਿਹਾ, ‘‘ਇਹ ਚੋਣਾਂ ਜਿੱਤਣ ਦੀ ਲੜਾਈ ਨਹੀਂ ਬਲਕਿ ਭਾਰਤ ਦੇ ਲੋਕਤੰਤਰ ਨੂੰ ਬਚਾਉਣ ਅਤੇ ਸੰਵਿਧਾਨ ਦੀ ਰੱਖਿਆ ਕਰਨ ਦੀ ਹੈ।’’
ਉਨ੍ਹਾਂ ਦੋਸ਼ ਲਗਾਇਆ, ‘‘ਹੁਣ ਸੱਤਾਧਾਰੀ ਪਾਰਟੀ ਸੱਤਾ ਵਿੱਚ ਬਣੇ ਰਹਿਣ ਲਈ ਕਿਸੇ ਵੀ ਹੱਦ ਤੱਕ ਅਨੈਤਿਕਤਾ 'ਤੇ ਉਤਰਨ ਲਈ ਤਿਆਰ ਹੈ। ਚੋਣਾਂ ਵਿੱਚ ਵੱਡੇ ਪੱਧਰ ’ਤੇ ਬੇਨਿਯਮੀਆਂ ਸਾਹਮਣੇ ਆ ਰਹੀਆਂ ਹਨ।’’
ਕਾਂਗਰਸੀ ਆਗੂ ਨੇ ਕਿਹਾ, ‘‘ਅਸੀਂ ਸੁਪਰੀਮ ਕੋਰਟ ਦੇ ਧੰਨਵਾਦੀ ਹਾਂ, ਜਿਸ ਨੇ ਲੋਕਾਂ ਦੀ ਆਵਾਜ਼ ਸੁਣੀ ਅਤੇ ਚੋਣ ਕਮਿਸ਼ਨ ਨੂੰ ਵੋਟਰ ਸੂਚੀ ਜਨਤਕ ਕਰਨ ਲਈ ਕਿਹਾ।’’
ਕਾਂਗਰਸ ਪ੍ਰਧਾਨ ਨੇ ਇਹ ਵੀ ਦਾਅਵਾ ਕੀਤਾ ਕਿ ਈਡੀ ਅਤੇ ਸੀਬੀਆਈ ਵਰਗੀਆਂ ਕੇਂਦਰੀ ਜਾਂਚ ਏਜੰਸੀਆਂ ਅਤੇ ਆਮਦਨ ਕਰ ਵਿਭਾਗ ਨੂੰ ਵਿਰੋਧੀਆਂ (ਵਿਰੋਧੀ ਪਾਰਟੀਆਂ) ਵਿਰੁੱਧ ਰਾਜਨੀਤਿਕ ਉਦੇਸ਼ਾਂ ਲਈ ਇੰਨੇ ਖੁੱਲ੍ਹੇਆਮ ਵਰਤਿਆ ਗਿਆ ਹੈ। -ਪੀਟੀਆਈ