Biren resigns as CM ਮਨੀਪੁਰ ਦੇ ਮੁੱਖ ਮੰਤਰੀ ਦਾ ਅਸਤੀਫ਼ਾ ਬਹੁਤ ਦੇਰੀ ਨਾਲ ਚੁੱਕਿਆ ਕਦਮ, ਮਨੀਪੁਰ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਦੇ ਦੌਰੇ ਦੀ ਉਡੀਕ: ਕਾਂਗਰਸ
ਨਵੀਂ ਦਿੱਲੀ, 9 ਫਰਵਰੀ
ਕਾਂਗਰਸ ਨੇ ਐੱਨ.ਬੀਰੇਨ ਸਿੰਘ ਦੇ ਮਨੀਪੁਰ ਦੇ ਮੁੱਖ ਮੰਤਰੀ ਵਜੋਂ ਅਸਤੀਫ਼ੇ ਨੂੰ ‘ਬਹੁਤ ਦੇਰੀ’ ਨਾਲ ਚੁੱਕਿਆ ਕਦਮ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਮਨੀਪੁਰ ਦੇ ਲੋਕਾਂ ਨੂੰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੀ ਬੇਸਬਰੀ ਨਾਲ ਉਡੀਕ ਹੈ।
ਏਆਈਸੀਸੀ ਦੇ ਜਨਰਲ ਸਕੱਤਰ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਨੇ ਸੋਮਵਾਰ ਨੂੰ ਮਨੀਪੁਰ ਅਸੈਂਬਲੀ ਵਿਚ ਬੀਰੇਨ ਸਿੰਘ ਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਖਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਖਿੱਚ ਲਈ ਸੀ।
ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਹਾਲਾਤ ਨੂੰ ਭਾਪਦਿਆਂ ਮਨੀਪੁਰ ਦੇ ਮੁੱਖ ਮੰਤਰੀ ਨੇ ਅਸਤੀਫ਼ਾ ਦੇ ਦਿੱਤਾ ਹੈ। ਕਾਂਗਰਸ ਵੱਲੋਂ ਮਈ 2023 ਤੋਂ ਇਹ ਮੰਗ ਕੀਤੀ ਜਾ ਰਹੀ ਸੀ, ਜਦੋਂ ਮਨੀਪੁਰ ਵਿਚ ਨਸਲੀ ਹਿੰਸਾ ਸਿਖਰ ’ਤੇ ਸੀ।’’ ਰਮੇਸ਼ ਨੇ ਕਿਹਾ, ‘‘ਮੁੱਖ ਮੰਤਰੀ ਦਾ ਅਸਤੀਫ਼ਾ ਬਹੁਤ ਦੇਰੀ ਨਾਲ ਆਇਆ ਹੈ। ਮਨੀਪੁਰ ਦੇ ਲੋਕ ਪ੍ਰਧਾਨ ਮੰਤਰੀ ਦੀ ਫੇਰੀ ਦੀ ਉਡੀਕ ਕਰ ਰਹੇ ਹਨ, ਜੋ ਹੁਣ ਫਰਾਂਸ ਤੇ ਅਮਰੀਕਾ ਜਾਣ ਦੀ ਤਿਆਰੀ ਵਿਚ ਹਨ...ਅਤੇ ਜਿਨ੍ਹਾਂ ਨੂੰ ਪਿਛਲੇ 20 ਮਹੀਨਿਆਂ ਦੌਰਾਨ ਮਨੀਪੁਰ ਜਾਣ ਦਾ ਨਾ ਸਮਾਂ ਲੱਗਾ ਤੇ ਨਾ ਉਨ੍ਹਾਂ ਦਾ ਇਸ ਪਾਸੇ ਝੁਕਾਅ ਸੀ।’’ -ਪੀਟੀਆਈ