ਬਾਇਓਮਾਸ ਪਲਾਂਟ ਰੰਗ ਲਿਆਇਆ
ਖਣਨ ਖੇਤਰ ਦੀ ਪ੍ਰਮੁੱਖ ਕੰਪਨੀ ਵੇਦਾਂਤਾ ਗਰੁੱਪ ਨੇ ਕਿਹਾ ਹੈ ਕਿ ਉਸ ਦੀ ਊਰਜਾ ਕਾਰੋਬਾਰੀ ਇਕਾਈ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ ਐੱਸ ਪੀ ਐੱਲ) ਦੇ ਸਹਿਯੋਗ ਨਾਲ ਲਾਏ ਗਏ ਬਾਇਓਮਾਸ ਪਲਾਂਟ ਸਦਕਾ ਮਾਨਸਾ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਕੰਪਨੀ ਦੇ ਜਾਰੀ ਬਿਆਨ ਅਨੁਸਾਰ ਮਾਨਸਾ ਵਿੱਚ ਰੋਜ਼ਾਨਾ 500 ਟਨ ਸਮਰੱਥਾ ਵਾਲਾ ਬਾਇਓਮਾਸ ਪਲਾਂਟ ਸਥਾਪਤ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਖੇਤੀ ਰਹਿੰਦ-ਖੂੰਹਦ ਦਾ ਸਹੀ ਪ੍ਰਬੰਧਨ ਹੋ ਰਿਹਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੇ ਅੰਕੜਿਆਂ ਮੁਤਾਬਕ ਮਾਨਸਾ ਵਿੱਚ ਪਰਾਲੀ ਸਾੜਨ ਦੇ ਮਾਮਲੇ 2023 ਵਿੱਚ 2253 ਸਨ, ਜੋ 2024 ਵਿੱਚ ਘਟ ਕੇ 618 ਅਤੇ 2025 ਵਿੱਚ ਹੋਰ ਘਟ ਕੇ ਸਿਰਫ਼ 306 ਰਹਿ ਗਏ ਹਨ। ਇਸ ਤਰ੍ਹਾਂ ਮਹਿਜ਼ ਦੋ ਸਾਲਾਂ ਵਿੱਚ 87 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਾਲ ਜ਼ਿਲ੍ਹੇ ਦੇ 244 ਪਿੰਡਾਂ ’ਚੋਂ 104 ਪਿੰਡਾਂ ਵਿੱਚ ਅੱਗ ਲੱਗਣ ਦੀ ਕੋਈ ਘਟਨਾ ਨਹੀਂ ਵਾਪਰੀ। ਹੀਰੋ ਕਲਾਂ ਅਤੇ ਡੋਡਰਾ ਵਰਗੇ ਪਿੰਡ ਪਹਿਲਾਂ ਇਸ ਮਾਮਲੇ ’ਚ ਖ਼ਾਸ ਮੰਨੇ ਜਾਂਦੇ ਸਨ ਪਰ ਇਨ੍ਹਾਂ ਪਿੰਡਾਂ ਵਿੱਚ ਐਤਕੀਂ ਅਜਿਹੀ ਕੋਈ ਘਟਨਾ ਨਹੀਂ ਵਾਪਰੀ।
ਟੀ ਐੱਸ ਪੀ ਐੱਲ ਦੇ 1980 ਮੈਗਾਵਾਟ ਸੁਪਰਕ੍ਰਿਟੀਕਲ ਥਰਮਲ ਪਲਾਂਟ ਨੂੰ ਰਵਾਇਤੀ ਬਾਇਓਮਾਸ ਦੀ ਥਾਂ ਸੰਘਣੇ ਜੈਵਿਕ ਬਾਲਣ (ਬਾਇਓ ਫਿਊਲ) ਦੀ ਲੋੜ ਹੁੰਦੀ ਹੈ। ਇਹ ਚੁਣੌਤੀ ਹੱਲ ਕਰਨ ਲਈ ਕੰਪਨੀ ਨੇ ਆਪਣੇ ਪਲਾਂਟ ਨੇੜੇ ਪੰਜਾਬ ਦਾ ਸਭ ਤੋਂ ਵੱਡਾ ਪੈਲੇਟ ਨਿਰਮਾਣ ਯੂਨਿਟ ਲਗਵਾਇਆ। ਇਸ ਨਾਲ ਸਥਾਨਕ ਪੱਧਰ ’ਤੇ ਪਰਾਲੀ ਖਰੀਦ ਕੇ ਕਿਸਾਨਾਂ ਲਈ ਆਮਦਨ ਦਾ ਪੱਕਾ ਸਾਧਨ ਬਣਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ, ‘‘ਜ਼ਿਲ੍ਹੇ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ ਸਥਾਈ ਮਾਡਲ ਬਣਾਉਣਾ ਸਾਡੀ ਪਹਿਲ ਰਹੀ ਹੈ।’’ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦਾ ਘਟਣਾ ਸਾਂਝੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਵੇਦਾਂਤਾ ਪਾਵਰ ਦੇ ਸੀ ਈ ਓ ਰਾਜਿੰਦਰ ਸਿੰਘ ਆਹੂਜਾ ਨੇ ਕਿਹਾ ਕਿ ਕਿਸਾਨਾਂ ਨਾਲ ਮਿਲ ਕੇ ਕੀਤੇ ਗਏ ਇਸ ਉਪਰਾਲੇ ਨਾਲ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਵਿੱਚ 8 ਲੱਖ ਟਨ ਤੋਂ ਵੱਧ ਪਰਾਲੀ ਖਰੀਦ ਨੂੰ ਯਕੀਨੀ ਬਣਾਇਆ ਅਤੇ 26 ਤੋਂ ਵੱਧ ਪਿੰਡਾਂ ਵਿੱਚ ਵਾਤਾਵਰਨ ਸ਼ੁੱਧ ਰੱਖਣ ਲਈ ਵਿਸ਼ੇਸ ਕੈਂਪ ਲਾਏ ਗਏ। ਉਨ੍ਹਾਂ ਕਿਹਾ ਕਿ ਤਾਪਘਰ ਦੇ ਉਪਰਾਲੇ ਸਦਕਾ 3800 ਕਿਸਾਨਾਂ ਨੇ ਪਰਾਲੀ ਸਾੜਨ ਤੋਂ ਪਾਸਾ ਵੱਟਿਆ ਹੈ।
