ਬਿਹਾਰ ਨੂੰ ਗੱਫੇ: ਮੋਦੀ ਵੱਲੋਂ ਨੌਜਵਾਨਾਂ ਲਈ 62,000 ਕਰੋੜ ਦੀਆਂ ਪਹਿਲਕਦਮੀਆਂ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਚੋਣਾਂ ਵਾਲੇ ਸੂਬੇ ਬਿਹਾਰ ’ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ, ਨੌਜਵਾਨਾਂ ’ਤੇ ਕੇਂਦ੍ਰਿਤ 62,000 ਕਰੋੜ ਰੁਪਏ ਤੋਂ ਵੱਧ ਦੀਆਂ ਕਈ ਪਹਿਲਕਦਮੀਆਂ ਦਾ ਉਦਘਾਟਨ ਕੀਤਾ।
ਮੋਦੀ ਨੇ ਪੀ.ਐੱਮ.-ਸੇਤੂ (PM-SETU) ਯੋਜਨਾ ਦੀ ਸ਼ੁਰੂਆਤ ਕੀਤੀ, ਜੋ ਕਿ 60,000 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਕੇਂਦਰੀ ਸਪਾਂਸਰਡ ਸਕੀਮ ਹੈ। ਇਸ ਦਾ ਪੂਰਾ ਨਾਂ ਪ੍ਰਧਾਨ ਮੰਤਰੀ ਸਕਿੱਲਿੰਗ ਐਂਡ ਇੰਪਲੋਏਬਿਲਟੀ ਟ੍ਰਾਂਸਫਾਰਮੇਸ਼ਨ ਥਰੂ ਅੱਪਗ੍ਰੇਡਿਡ ਆਈ.ਟੀ.ਆਈਜ਼ ਹੈ। (Pradhan Mantri Skilling and Employability Transformation through Upgraded ITIs)।
ਇਸ ਯੋਜਨਾ ਵਿੱਚ ਇੱਕ ਹੱਬ-ਐਂਡ-ਸਪੋਕ (hub-and-spoke) ਮਾਡਲ ਤਹਿਤ 1,000 ਸਰਕਾਰੀ ਆਈ.ਟੀ.ਆਈਜ਼ (ITIs) ਨੂੰ ਅੱਪਗ੍ਰੇਡ ਕਰਨ ਦਾ ਉਦੇਸ਼ ਹੈ, ਜਿਸ ਵਿੱਚ 200 ਹੱਬ ਆਈ.ਟੀ.ਆਈਜ਼ ਅਤੇ 800 ਸਪੋਕ ਆਈ.ਟੀ.ਆਈਜ਼ ਸ਼ਾਮਲ ਹੋਣਗੇ।
ਇੱਕ ਪ੍ਰਧਾਨ ਮੰਤਰੀ ਦਫ਼ਤਰ (PMO) ਦੇ ਬਿਆਨ ਵਿੱਚ ਪਹਿਲਾਂ ਕਿਹਾ ਗਿਆ ਸੀ, ‘‘ਸਮੂਹਿਕ ਤੌਰ ਤੇ ਪੀ.ਐਮ.-ਸੇਤੂ ਭਾਰਤ ਦੇ ਆਈ.ਟੀ.ਆਈ. ਈਕੋਸਿਸਟਮ ਨੂੰ ਮੁੜ ਪਰਿਭਾਸ਼ਿਤ ਕਰੇਗਾ, ਇਸ ਨੂੰ ਸਰਕਾਰ ਦੀ ਮਲਕੀਅਤ ਵਾਲਾ ਪਰ ਉਦਯੋਗ ਦੁਆਰਾ ਪ੍ਰਬੰਧਿਤ ਬਣਾਵੇਗਾ, ਜਿਸ ਵਿੱਚ ਵਿਸ਼ਵ ਬੈਂਕ ਅਤੇ ਏਸ਼ੀਅਨ ਵਿਕਾਸ ਬੈਂਕ ਤੋਂ ਗਲੋਬਲ ਸਹਿ-ਵਿੱਤੀ ਸਹਾਇਤਾ ਮਿਲੇਗੀ।"
ਬਿਹਾਰ ਲਈ ਹੋਰ ਅਹਿਮ ਪਹਿਲਕਦਮੀਆਂ
ਮੋਦੀ ਨੇ ਬਿਹਾਰ ਦੀ ਸੋਧੀ ਹੋਈ 'ਮੁੱਖ ਮੰਤਰੀ ਨਿਸ਼ਚੈ ਸਵੈਮ ਸਹਾਇਤਾ ਭੱਤਾ ਯੋਜਨਾ' ਦੀ ਵੀ ਸ਼ੁਰੂਆਤ ਕੀਤੀ, ਜਿਸ ਤਹਿਤ ਲਗਪਗ ਪੰਜ ਲੱਖ ਗ੍ਰੈਜੂਏਟਾਂ ਨੂੰ ਦੋ ਸਾਲਾਂ ਲਈ 1,000 ਰੁਪਏ ਮਹੀਨਾਵਾਰ ਭੱਤਾ ਮਿਲੇਗਾ, ਨਾਲ ਹੀ ਮੁਫ਼ਤ ਹੁਨਰ ਸਿਖਲਾਈ ਵੀ ਦਿੱਤੀ ਜਾਵੇਗੀ।
ਉਨ੍ਹਾਂ ਨੇ ਮੁੜ ਡਿਜ਼ਾਈਨ ਕੀਤੀ ਗਈ ਬਿਹਾਰ ਵਿਦਿਆਰਥੀ ਕ੍ਰੈਡਿਟ ਕਾਰਡ ਸਕੀਮ ਦੀ ਵੀ ਸ਼ੁਰੂਆਤ ਕੀਤੀ, ਜੋ 4 ਲੱਖ ਰੁਪਏ ਤੱਕ ਦੇ ਵਿਆਜ-ਮੁਕਤ ਸਿੱਖਿਆ ਕਰਜ਼ੇ ਪ੍ਰਦਾਨ ਕਰੇਗੀ, ਜਿਸ ਨਾਲ ਉੱਚ ਸਿੱਖਿਆ ਦਾ ਵਿੱਤੀ ਬੋਝ ਕਾਫ਼ੀ ਘੱਟ ਹੋ ਜਾਵੇਗਾ।
ਸੂਬੇ ਵਿੱਚ ਨੌਜਵਾਨ ਸਸ਼ਕਤੀਕਰਨ ਨੂੰ ਹੋਰ ਮਜ਼ਬੂਤ ਕਰਦੇ ਹੋਏ, ਬਿਹਾਰ ਯੁਵਾ ਆਯੋਗ ਦਾ ਵੀ ਪ੍ਰਧਾਨ ਮੰਤਰੀ ਵੱਲੋਂ ਰਸਮੀ ਤੌਰ ’ਤੇ ਉਦਘਾਟਨ ਕੀਤਾ ਗਿਆ। ਇਹ 18 ਤੋਂ 45 ਸਾਲ ਦੀ ਉਮਰ ਦੇ ਲੋਕਾਂ ਲਈ ਇੱਕ ਵਿਧਾਨਕ ਕਮਿਸ਼ਨ ਹੈ, ਜਿਸ ਦਾ ਉਦੇਸ਼ ਰਾਜ ਦੀ ਨੌਜਵਾਨ ਆਬਾਦੀ ਦੀ ਸਮਰੱਥਾ ਨੂੰ "ਚੈਨਲਾਈਜ਼ ਅਤੇ ਉਪਯੋਗ" ਕਰਨਾ ਹੈ। -ਪੀਟੀਆਈ