ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਹਾਰ ’ਚ 6 ਤੇ 11 ਨਵੰਬਰ ਨੂੰ ਦੋ ਗੇੜਾਂ ’ਚ ਵੋਟਾਂ, ਨਤੀਜੇ 14 ਨੂੰ

ਵਿਧਾਨ ਸਭਾ ਚੋਣਾਂ ਲੲੀ ਸੂਬੇ ਵਿੱਚ 7.4 ਕਰੋੜ ਤੋਂ ਵੱਧ ਵੋਟਰ; ਹੁਕਮਰਾਨ ਐੱਨ ਡੀ ਏ ਅਤੇ ਵਿਰੋਧੀ ਧਿਰਾਂ ਦੇ ਮਹਾਗੱਠਜੋਡ਼ ’ਚ ਸਿੱਧਾ ਮੁਕਾਬਲਾ
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਬਿਹਾਰ ਚੋਣਾਂ ਦਾ ਐਲਾਨ ਕਰਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ
Advertisement
ਬਿਹਾਰ ਵਿਧਾਨ ਸਭਾ ਚੋਣਾਂ (ਕੁੱਲ 243 ਸੀਟਾਂ) ਲਈ ਵੋਟਾਂ ਦੋ ਗੇੜਾਂ 6 ਅਤੇ 11 ਨਵੰਬਰ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ ਅਤੇ ਨਤੀਜੇ 14 ਨਵੰਬਰ ਨੂੰ ਆਉਣਗੇ। ਵਿਧਾਨ ਸਭਾ ਚੋਣਾਂ ਦੇ ਐਲਾਨ ਨਾਲ ਬਿਹਾਰ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਮੌਜੂਦਾ ਵਿਧਾਨ ਸਭਾ ’ਚ ਹੁਕਮਰਾਨ ਐੱਨ ਡੀ ਏ ਦੇ 138 ਜਦਕਿ ਵਿਰੋਧੀ ਧਿਰਾਂ ਦੇ ਗੱਠਜੋੜ ਦੇ 103 ਮੈਂਬਰ ਹਨ। ਇਨ੍ਹਾਂ ਚੋਣਾਂ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੇ ਐੱਨ ਡੀ ਏ ਸਰਕਾਰ ਦੀ ਕਿਸਮਤ ਦਾਅ ’ਤੇ ਲੱਗੀ ਹੋਈ ਹੈ। ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਸਮੇਤ ਹੋਰ ਧਿਰਾਂ ਦੇ ਮਹਾਗੱਠਜੋੜ ਵੱਲੋਂ ਹੁਕਮਰਾਨ ਧਿਰ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਸਿਆਸਤ ਪੱਖੋਂ ਅਹਿਮ ਸੂਬੇ ’ਚ ਇਸ ਵਾਰ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਵੀ ਤੀਜੀ ਧਿਰ ਵਜੋਂ ਮੈਦਾਨ ’ਚ ਹੈ। ਵੋਟਰ ਸੂਚੀਆਂ ਦੀ ਡੂੰਘੀ ਵਿਸ਼ੇਸ਼ ਪੜਤਾਲ (ਐੱਸ ਆਈ ਆਰ) ਨਾਲ ਬਿਹਾਰ ’ਚ ਪਹਿਲਾਂ ਹੀ ਸਿਆਸਤ ਗਰਮਾਈ ਹੋਈ ਹੈ ਜਿਸ ਬਾਰੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਵਾਰ ਵਾਰ ਦੁਹਰਾਇਆ ਹੈ ਕਿ ਇਹ ਵੋਟਰ ਸੂਚੀਆਂ ਦਾ ‘ਸ਼ੁੱਧੀਕਰਨ’ ਹੈ। ਬਿਹਾਰ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕਰਦਿਆਂ ਗਿਆਨੇਸ਼ ਕੁਮਾਰ ਨੇ ਕਿਹਾ ਕਿ ਚੋਣਾਂ ਦੇ 6 ਨਵੰਬਰ ਨੂੰ ਪਹਿਲੇ ਗੇੜ ਦੌਰਾਨ 121 ਸੀਟਾਂ ਅਤੇ 11 ਨਵੰਬਰ ਨੂੰ ਦੂਜੇ ਗੇੜ ’ਚ 122 ਸੀਟਾਂ ’ਤੇ ਵੋਟਾਂ ਪੈਣਗੀਆਂ।

Advertisement

ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਦੇ ਆਖਰੀ ਦੋ ਗੇੜਾਂ ਤੋਂ ਪਹਿਲਾਂ ਡਾਕ ਰਾਹੀਂ ਆਏ ਮਤਦਾਨ ਪੱਤਰਾਂ ਦੀ ਗਿਣਤੀ ਪੂਰੀ ਕੀਤੀ ਜਾਵੇਗੀ। ਚੋਣਾਂ ਵਿੱਚ 14 ਲੱਖ ਨਵੇਂ ਵੋਟਰਾਂ ਸਮੇਤ 7.42 ਕਰੋੜ ਵੋਟਰ 90,712 ਪੋਲਿੰਗ ਸਟੇਸ਼ਨਾਂ ’ਤੇ ਆਪਣੇ ਹੱਕ ਦੀ ਵਰਤੋਂ ਕਰ ਸਕਣਗੇ ਜਿਥੇ ਚੋਣਾਂ ਪਾਰਦਰਸ਼ੀ ਢੰਗ ਨਾਲ ਯਕੀਨੀ ਬਣਾਉਣ ਲਈ ਵੈੱਬਕਾਸਟਿੰਗ ਦੀ ਸਹੂਲਤ ਹੋਵੇਗੀ। ਬਿਹਾਰ ਦੀਆਂ ਚੋਣਾਂ ਨੂੰ ‘ਸਾਰੀਆਂ ਚੋਣਾਂ ਦੀ ਮਾਂ’ ਕਰਾਰ ਦਿੰਦਿਆਂ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਸੂਬੇ ’ਚ 17 ਨਵੀਆਂ ਪਹਿਲਕਦਮੀਆਂ ਲਾਗੂ ਕੀਤੀਆਂ ਜਾਣਗੀਆਂ ਜਿਨ੍ਹਾਂ ਨੂੰ ਬਾਅਦ ’ਚ ਪੂਰੇ ਮੁਲਕ ’ਚ ਲਾਗੂ ਕੀਤਾ ਜਾਵੇਗਾ। ‘ਐੱਸ ਆਈ ਆਰ’ ਦੇ ਸਿਰ ’ਤੇ ਸਿਹਰਾ ਸਜਾਉਂਦਿਆਂ ਗਿਆਨੇਸ਼ ਕੁਮਾਰ ਨੇ ਕਿਹਾ ਕਿ ਬਿਹਾਰ ’ਚ ਆਉਂਦੀਆਂ ਚੋਣਾਂ ਦੇਸ਼ ਦੇ ਚੋਣ ਇਤਿਹਾਸ ’ਚ ਸਭ ਤੋਂ ਵੱਧ ਪਾਰਦਰਸ਼ੀ ਹੋ ਸਕਦੀਆਂ ਹਨ ਅਤੇ ਸੂਬਾ ਬਾਕੀ ਮੁਲਕ ਨੂੰ ਵੋਟਰ ਸੂਚੀਆਂ ਦੇ ਸ਼ੁੱਧੀਕਰਨ ਬਾਰੇ ਰਾਹ ਦਿਖਾਏਗਾ। ਮਹਿਲਾ ਵੋਟਰਾਂ ਵੱਲੋਂ ਬੁਰਕਾ ਪਹਿਨਣ ਅਤੇ ਘੁੰਡ ਕੱਢਣ ਬਾਰੇ ਸਵਾਲ ਪੁੱਛੇ ਜਾਣ ’ਤੇ ਗਿਆਨੇਸ਼ ਨੇ ਕਿਹਾ ਕਿ ਕਮਿਸ਼ਨ ਦੇ ਪੋਲਿੰਗ ਬੂਥਾਂ ਦੇ ਅੰਦਰ ਵੋਟਰਾਂ ਦੀ ਪਛਾਣ ਸਬੰਧੀ ਸਪੱਸ਼ਟ ਦਿਸ਼ਾ-ਨਿਰਦੇਸ਼ ਹਨ ਅਤੇ ਇਨ੍ਹਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਬੂਥਾਂ ’ਤੇ ਆਂਗਨਵਾੜੀ ਵਰਕਰ ਤਾਇਨਾਤ ਕੀਤੀਆਂ ਜਾਣਗੀਆਂ ਜੋ ਬੁਰਕਾ ਪਹਿਨਣ ਵਾਲੀਆਂ ਔਰਤਾਂ ਦੀ ਪਛਾਣ ਕਰਨਗੀਆਂ। ਉਨ੍ਹਾਂ ਕਿਹਾ ਕਿ ਕੋਈ ਵੀ ਵੋਟਰ ਅੰਦਰ ਮੋਬਾਈਲ ਫੋਨ ਨਹੀਂ ਲਿਜਾ ਸਕੇਗਾ ਅਤੇ ਪੋਲਿੰਗ ਸਟੇਸ਼ਨਾਂ ’ਤੇ ਮੋਬਾਈਲ ਫੋਨ ਡਿਪਾਜ਼ਿਟ ਕਾਊਂਟਰ ਬਣਨਗੇ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਬਿਹਾਰ ਦੇ ਦਿਆਰਾ ਖ਼ਿੱਤੇ ’ਚ 250 ਪੋਲਿੰਗ ਬੂਥਾਂ ’ਤੇ ਗਸ਼ਤ ਲਈ ਪੁਲੀਸ ਵੱਲੋਂ ਘੋੜਿਆਂ ਦੀ ਵਰਤੋਂ ਕੀਤੀ ਜਾਵੇਗੀ ਜਦਕਿ 197 ਸਟੇਸ਼ਨਾਂ ’ਤੇ ਕਿਸ਼ਤੀਆਂ ਰਾਹੀਂ ਗਸ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੈਲੇਟ ਪੇਪਰਾਂ ’ਤੇ ਉਮੀਦਵਾਰਾਂ ਦੀਆਂ ਰੰਗੀਨ ਤਸਵੀਰਾਂ ਨਜ਼ਰ ਆਉਣਗੀਆਂ। ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ ਦੇ ਸੀ ਸੀ ਟੀ ਵੀ ਫੁਟੇਜ ਸਿਰਫ਼ ਹਾਈ ਕੋਰਟਾਂ ਨਾਲ ਹੀ ਸਾਂਝੇ ਕੀਤੇ ਜਾ ਸਕਦੇ ਹਨ ਅਤੇ ਅਜਿਹੇ ਇਲੈਕਟ੍ਰਾਨਿਕ ਰਿਕਾਰਡ ਦੇਣ ਨਾਲ ਵੋਟਰਾਂ ਦੀ ਨਿੱਜਤਾ ਭੰਗ ਹੋਵੇਗੀ। ਉਨ੍ਹਾਂ ਕਿਹਾ ਕਿ ਵੋਟਿੰਗ ਦੀ ਵੈੱਬਕਾਸਟਿੰਗ ਫੁਟੇਜ ਫਾਰਮ 17ਏ ਦੇ ਬਰਾਬਰ ਹੈ ਜਿਸ ਨੂੰ ਸਿਆਸੀ ਧਿਰਾਂ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ ਹੈ। ਗਿਆਨੇਸ਼ ਕੁਮਾਰ ਨੇ ਕਿਹਾ ਕਿ ਸਾਰੇ ਸੂਬਿਆਂ ’ਚ ਐੱਸ ਆਈ ਆਰ ਲਾਗੂ ਕਰਨ ਸਬੰਧੀ ਅੰਤਿਮ ਫ਼ੈਸਲਾ ਚੋਣ ਕਮਿਸ਼ਨ ਵੱਲੋਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤਿੰਨੋਂ ਕਮਿਸ਼ਨਰ ਵੱਖ ਵੱਖ ਸੂਬਿਆਂ ’ਚ ਐੱਸ ਆਈ ਆਰ ਦੀਆਂ ਤਰੀਕਾਂ ਤੈਅ ਕਰਨ ਲਈ ਮੀਟਿੰਗ ਕਰਨਗੇ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨ ਡੀ ਏ ਸਰਕਾਰ ਨੇ ਬਿਹਾਰ ਨੂੰ ‘ਜੰਗਲ ਰਾਜ’ ’ਚੋਂ ਬਾਹਰ ਕੱਢਿਆ ਹੈ ਅਤੇ ਸੂਬੇ ਨੂੰ ਵਿਕਾਸ ਤੇ ਚੰਗੇ ਸ਼ਾਸਨ ਦਾ ਨਵਾਂ ਰਾਹ ਦਿਖਾਇਆ ਹੈ। ਸ਼ਾਹ ਨੇ ਭਰੋਸਾ ਜਤਾਇਆ ਕਿ ਸੂਬੇ ਦੇ ਲੋਕ ਇਕ ਵਾਰ ਫਿਰ ਐੱਨ ਡੀ ਏ ਨੂੰ ਮੌਕਾ ਦੇਣਗੇ। ਜਨਤਾ ਦਲ (ਯੂ) ਆਗੂ ਸੰਜੇ ਕੁਮਾਰ ਝਾਅ ਨੇ ਕਿਹਾ ਕਿ ਉਨ੍ਹਾਂ ਨੂੰ ਐੱਨ ਡੀ ਏ ਦੇ ਮੁੜ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਦੀ ਆਸ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਦਾ ਭਾਜਪਾ ਨਾਲ ‘ਗੱਠਜੋੜ’ ਹੈ ਅਤੇ ਦਾਅਵਾ ਕੀਤਾ ਕਿ ਉਹ ਪਾਰਟੀ ਆਗੂ ਰਾਹੁਲ ਗਾਂਧੀ ਵੱਲੋਂ ‘ਵੋਟ ਚੋਰੀ’ ਦੇ ਚੁੱਕੇ ਗਏ ਸਵਾਲਾਂ ਦੇ ਜਵਾਬ ਦੇਣ ’ਚ ਨਾਕਾਮ ਰਿਹਾ ਹੈ। ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਕਿਹਾ ਕਿ 20 ਸਾਲਾਂ ਬਾਅਦ ਇਕ ਅਜਿਹਾ ਉਤਸਵ ਆਵੇਗਾ ਜੋ ਸਾਰੇ ਦੁੱਖ-ਦਰਦ ਮਿਟਾ ਦੇਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਮਗਰੋਂ ਹਰ ਬਿਹਾਰੀ ਤੇਜਸਵੀ ਨਾਲ ਜਿੱਤ ਦਾ ਜਸ਼ਨ ਮਨਾਏਗਾ ਕਿਉਂਕਿ ਉਸ ਦਿਨ ਹਰ ਬਿਹਾਰੀ ‘ਬਿਹਾਰ ਦਾ ਸੀ ਐੱਮ ਬਣੇਗਾ ਯਾਨੀ ਚੇਂਜ ਮੇਕਰ ਬਣੇਗਾ।’

ਤਰਨ ਤਾਰਨ ਵਿਧਾਨ ਸਭਾ ਦੀ ਜ਼ਿਮਨੀ ਚੋਣ 11 ਨਵੰਬਰ ਨੂੰ

ਨਵੀਂ ਦਿੱਲੀ: ਪੰਜਾਬ ਦੀ ਤਰਨ ਤਾਰਨ ਸੀਟ ਸਮੇਤ ਹੋਰ ਸੂਬਿਆਂ ਦੀਆਂ 8 ਸੀਟਾਂ ’ਤੇ ਜ਼ਿਮਨੀ ਚੋਣਾਂ 11 ਨਵੰਬਰ ਨੂੰ ਹੋਣਗੀਆਂ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਐਲਾਨ ਕੀਤਾ ਕਿ ਪੰਜਾਬ, ਜੰਮੂ ਕਸ਼ਮੀਰ, ਉੜੀਸਾ, ਝਾਰਖੰਡ, ਮਿਜ਼ੋਰਮ, ਤਿਲੰਗਾਨਾ ਅਤੇ ਰਾਜਸਥਾਨ ’ਚ ਪੈਣ ਵਾਲੀਆਂ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ। ਤਰਨ ਤਾਰਨ ਵਿਧਾਨ ਸਭਾ ਸੀਟ ‘ਆਪ’ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਹੋਣ ਕਾਰਨ ਖਾਲੀ ਹੋਈ ਸੀ। ‘ਆਪ’ ਨੇ ਤਰਨ ਤਾਰਨ ਤੋਂ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ। ਜੰਮੂ ਕਸ਼ਮੀਰ ਦੀਆਂ ਦੋ ਸੀਟਾਂ ਬਡਗਾਮ ਅਤੇ ਨਗਰੋਟਾ ਅਕਤੂਬਰ 2024 ਤੋਂ ਖਾਲੀ ਪਈਆਂ ਹਨ। ਬਡਗਾਮ ਸੀਟ ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਖਾਲੀ ਕੀਤੀ ਗਈ ਸੀ ਕਿਉਂਕਿ ਉਨ੍ਹਾਂ ਗੰਦਰਬਲ ਹਲਕੇ ਤੋਂ ਵੀ ਚੋਣ ਜਿੱਤੀ ਸੀ। ਵਿਧਾਇਕ ਦੇਵੇਂਦਰ ਸਿੰਘ ਰਾਣਾ ਦੇ 31 ਅਕਤੂਬਰ, 2024 ਨੂੰ ਦੇਹਾਂਤ ਹੋਣ ਕਾਰਨ ਨਗਰੋਟਾ ਸੀਟ ਖਾਲੀ ਹੋਈ ਸੀ। -ਪੀਟੀਆਈ
Advertisement
Show comments