Bihar SIR ਅਭਿਆਸ 'ਸਹੀ', ਸਿਆਸੀ ਪਾਰਟੀਆਂ ਤੇ ਐੱਨ ਜੀ ਓ’ਜ਼ ਦਾ ਰਵੱਈਆ ਬਦਨਾਮ ਕਰਨਾ ਸੀ: ਚੋਣ ਕਮਿਸ਼ਨ
ਚੋਣ ਕਮਿਸ਼ਨ ਨੇ ਵੀਰਵਾਰ ਨੂੰ ਬਿਹਾਰ ਐੱਸ ਆਈ ਆਰ (Special Intensive Revision) ਅਭਿਆਸ ਨੂੰ ਸਹੀ ਕਰਾਰ ਦਿੱਤਾ ਅਤੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਪਟੀਸ਼ਨਰ ਸਿਆਸੀ ਪਾਰਟੀਆਂ ਅਤੇ ਐਨ.ਜੀ.ਓ’ਜ਼ ਇਸ ਅਭਿਆਸ ਨੂੰ ਬਦਨਾਮ ਕਰਨ ਲਈ ਸਿਰਫ ਝੂਠੇ ਦੋਸ਼ ਲਗਾਉਣ ’ਤੇ ਹੀ ਸੰਤੁਸ਼ਟ ਹਨ।
ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਇਹ ਵੀ ਦੱਸਿਆ ਕਿ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਹੋਣ ਤੋਂ ਬਾਅਦ ਨਾਮ ਹਟਾਉਣ ਦੇ ਖ਼ਿਲਾਫ਼ ਕਿਸੇ ਵੀ ਵੋਟਰ ਵੱਲੋਂ ਇੱਕ ਵੀ ਅਪੀਲ ਦਾਇਰ ਨਹੀਂ ਕੀਤੀ ਗਈ ਹੈ।
ਜਸਟਿਸ ਸੂਰਿਆ ਕਾਂਤ ਅਤੇ ਜੋਇਮਾਲਿਆ ਬਾਗਚੀ ਦੇ ਬੈਂਚ ਨੇ ਚੋਣਾਂ ਵਾਲੇ ਸੂਬੇ ਵਿੱਚ ਰੈਲੀਆਂ ਕਾਰਨ ਸੁਣਵਾਈ ਵਿੱਚ ਸਿਆਸੀ ਪਾਰਟੀਆਂ ਦੀ ਗੈਰ-ਹਾਜ਼ਰੀ ਨੂੰ ਨੋਟ ਕਰਦਿਆਂ ਕਿਹਾ ਕਿ ਉਹ ਆਸ ਕਰਦਾ ਹੈ ਕਿ ਚੋਣ ਕਮਿਸ਼ਨ ਇੱਕ ਜ਼ਿੰਮੇਵਾਰ ਅਥਾਰਟੀ ਵਜੋਂ SIR ਅਭਿਆਸ ਤੋਂ ਬਾਅਦ ਤਿਆਰ ਕੀਤੀ ਗਈ ਬਿਹਾਰ ਦੀ ਅੰਤਿਮ ਵੋਟਰ ਸੂਚੀ ਵਿੱਚ ਟਾਈਪੋਗ੍ਰਾਫੀ ਦੀਆਂ ਗਲਤੀਆਂ ਅਤੇ ਹੋਰ ਖਾਮੀਆਂ ਦੀ ਜਾਂਚ ਕਰੇਗਾ ਅਤੇ ਉਪਚਾਰਕ ਉਪਾਅ ਲੈ ਕੇ ਆਵੇਗਾ।
ਚੋਣ ਕਮਿਸ਼ਨ ਨੇ ਆਪਣੇ ਹਲਫ਼ਨਾਮੇ ਵਿੱਚ ਅੱਗੇ ਕਿਹਾ ਕਿ ਬੂਥ ਲੈਵਲ ਏਜੰਟਾਂ (BLAs) ਦੀ ਨਿਯੁਕਤੀ ਤੋਂ ਇਲਾਵਾ, ਸਿਆਸੀ ਪਾਰਟੀਆਂ ਅਤੇ ਜਨਤਕ ਭਾਵਨਾ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੇ ਇਹ ਯਕੀਨੀ ਬਣਾਉਣ ਲਈ ਕੋਈ ਠੋਸ ਯੋਗਦਾਨ ਨਹੀਂ ਪਾਇਆ ਕਿ ਸਾਰੇ ਯੋਗ ਵੋਟਰਾਂ ਨੂੰ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ।
ਇਸ ਵਿੱਚ ਕਿਹਾ ਗਿਆ ਹੈ, ‘‘ਇਹ ਦਰਸਾਉਂਦਾ ਹੈ ਕਿ ਐੱਸ.ਆਈ.ਆਰ. ਅਭਿਆਸ ਸਹੀ ਸੀ। ਇਤਰਾਜ਼ਾਂ ਦਾ ਨਿਪਟਾਰਾ ਕਰਨ ਅਤੇ ਅੰਤਿਮ ਵੋਟਰ ਸੂਚੀ ਵਿੱਚੋਂ ਲਗਭਗ 3.66 ਲੱਖ ਵਿਅਕਤੀਆਂ ਦੇ ਨਾਮ ਹਟਾਉਣ ਤੋਂ ਬਾਅਦ ਵੀ, ਹੁਣ ਤੱਕ ਕੋਈ ਅਪੀਲ ਦਰਜ ਨਹੀਂ ਹੋਈ ਹੈ।’’