Bihar polls: ਲਾਲੂ ਪ੍ਰਸਾਦ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਖਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ
ਰਾਸ਼ਟਰੀ ਜਨਤਾ ਦਲ (RJD) ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇ ਜਨਸ਼ਕਤੀ ਜਨਤਾ ਦਲ ਦੇ ਮੁਖੀ ਤੇਜ ਪ੍ਰਤਾਪ ਯਾਦਵ ਖਿਲਾਫ਼ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿਚ ਮਹੂਆ ਅਸੈਂਬਲੀ ਹਲਕੇ ਲਈ ਨਾਮਜ਼ਦਗੀ ਦਾਖ਼ਲ ਕਰਨ ਮੌਕੇ ਆਦਰਸ਼ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਲਈ ਕੇਸ ਦਰਜ ਕੀਤਾ ਗਿਆ ਹੈ।
ਐਤਵਾਰ ਨੂੰ ਜ਼ਿਲ੍ਹਾ ਪੁਲੀਸ ਵੱਲੋਂ ਜਾਰੀ ਬਿਆਨ ਅਨੁਸਾਰ ਮਹੂਆ ਦੇ ਸਰਕਲ ਅਫਸਰ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਇੱਕ ਵੀਡੀਓ ਤੋਂ ਬਾਅਦ ਸਬੰਧਤ ਪੁਲੀਸ ਥਾਣੇ ਵਿੱਚ ਸ਼ਿਕਾਇਤ ਦਰਜ ਕੀਤੀ ਹੈ। ਇਸ ਵੀਡੀਓ ਵਿਚ ਯਾਦਵ ਨੂੰ 16 ਅਕਤੂਬਰ ਨੂੰ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਕੱਢੇ ਗਏ ਜਲੂਸ ਦੌਰਾਨ ਪੁਲੀਸ ਦਾ ਲੋਗੋ ਅਤੇ ਲਾਲ ਬੱਤੀ ਵਾਲੀ SUV ਦੀ ਵਰਤੋਂ ਕਰਦੇ ਦਿਖਾਇਆ ਗਿਆ ਸੀ। ਬਿਆਨ ਵਿਚ ਕਿਹਾ ਗਿਆ, ‘‘ਵੀਡੀਓ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਪਾਇਆ ਗਿਆ ਕਿ ਵਾਹਨ ’ਤੇ ਵਰਤਿਆ ਗਿਆ ਪੁਲੀਸ ਦਾ ਲੋਗੋ ਅਤੇ ਲਾਲ ਬੱਤੀ ਨਿੱਜੀ ਸੀ। ਇਸ ਲਈ ਚੋਣ ਜ਼ਾਬਤੇ ਦੀ ਉਲੰਘਣਾ ਲਈ ਕੇਸ ਦਰਜ ਕੀਤਾ ਗਿਆ ਸੀ।’’
ਯਾਦਵ ਨੇ ਇਸ ਸਾਲ 25 ਮਈ ਨੂੰ ਆਪਣੇ ਪਿਤਾ ਵੱਲੋਂ ਛੇ ਸਾਲਾਂ ਲਈ ਆਰਜੇਡੀ ’ਚੋਂ ਕੱਢੇ ਜਾਣ ਤੋਂ ਬਾਅਦ ਆਪਣੀ ਪਾਰਟੀ ਬਣਾ ਲਈ ਸੀ। ਤੇਜ ਪ੍ਰਤਾਪ ਨੇ ਇੱਕ ਮਹਿਲਾ ਨਾਲ 'ਰਿਸ਼ਤੇ' ਵਿੱਚ ਹੋਣ ਦਾ ਇਕਬਾਲ ਕੀਤਾ ਸੀ, ਜਿਸ ਮਗਰੋਂ ਪਿਤਾ ਲਾਲੂ ਪ੍ਰਸਾਦ ਯਾਦਵ ਨੇ ਉਸ ਨੂੰ ਪਾਰਟੀ ’ਚੋਂ ਕੱਢ ਦਿੱਤਾ ਸੀ।