ਬਿਹਾਰ: ਐੱਨ ਡੀ ਏ ’ਚ ਸੀਟਾਂ ਦੀ ਵੰਡ ’ਤੇ ਪੇਚ ਫਸੇ
ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (ਐੱਨ ਡੀ ਏ) ਭਾਈਵਾਲ ਪਾਰਟੀਆਂ ਕਾਰਨ ਮੁਸ਼ਕਿਲ ’ਚ ਘਿਰ ਗਿਆ ਹੈ ਕਿਉਂਕਿ ਹਿੰਦੁਸਤਾਨੀ ਅਵਾਮ ਮੋਰਚਾ (ਐੱਚ ਏ ਐੱਮ) ਅਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੋਵਾਂ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਸੀਟਾਂ ਵਿੱਚ ਆਪਣੇ ਲਈ ਢੁੱਕਵੀਂ ਹਿੱਸੇਦਾਰੀ ਮੰਗੀ ਹੈ। ਐੱਚ ਏ ਐੱਮ ਦੇ ਪ੍ਰਧਾਨ, ਕੇਂਦਰੀ ਮੰਤਰੀ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ 2020 ਵਿੱਚ ਮਿਲੀਆਂ ਸੱਤ ਸੀਟਾਂ ਮੁਕਾਬਲੇ ਆਪਣੀ ਪਾਰਟੀ ਲਈ 15 ਸੀਟਾਂ ਦੀ ਮੰਗ ਰੱਖੀ ਹੈ। ਪਿਛਲੀਆਂ ਚੋਣਾਂ ਵਿੱਚ ਪਾਰਟੀ ਨੇ ਸੱਤ ’ਚੋਂ ਚਾਰ ਸੀਟਾਂ ਜਿੱਤੀਆਂ ਸਨ। ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਪਾਰਟੀ ਨੂੰ ਚੋਣ ਲੜਨ ਲਈ ਸੀਟਾਂ ਦਾ ਸਨਮਾਨਯੋਗ ਹਿੱਸਾ ਚਾਹੀਦਾ ਹੈ ਅਤੇ ਜੇ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਚੋਣਾਂ ਵਿੱਚੋਂ ਬਾਹਰ ਬੈਠ ਸਕਦੇ ਹਨ। ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਮਾਮਲੇ ’ਤੇ ਚਰਚਾ ਲਈ ਮਾਂਝੀ ਨੂੰ ਫੋਨ ਕੀਤਾ ਸੀ।
ਦੂਜੇ ਪਾਸੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਮੁਖੀ ਅਤੇ ਇੱਕ ਹੋਰ ਕੇਂਦਰੀ ਕੈਬਨਿਟ ਮੰਤਰੀ ਚਿਰਾਗ ਪਾਸਵਾਨ 40 ਸੀਟਾਂ ਦੀ ਆਪਣੀ ਮੰਗ ’ਤੇ ਅੜੇ ਹੋਏ ਹਨ, ਜਦਕਿ ਭਾਜਪਾ 25 ਸੀਟਾਂ ਦੇਣ ਲਈ ਤਿਆਰ ਹੈ। ਚਿਰਾਗ ਨੇ ਵੀਰਵਾਰ ਨੂੰ ਪਟਨਾ ਵਿੱਚ ਪਾਰਟੀ ਦੀ ਹੰਗਾਮੀ ਮੀਟਿੰਗ ਵੀ ਸੱਦੀ ਹੈ। ਉਨ੍ਹਾਂ ਦੀ ਪਾਰਟੀ ਦੇ ਕੁਝ ਸੂਤਰਾਂ ਨੇ ਪਾਰਟੀ ਦੇ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਨਾਲ ਸੰਭਾਵੀ ਗੱਠਜੋੜ ਦਾ ਸੰਕੇਤ ਵੀ ਦਿੱਤਾ ਹੈ।
ਬਿਹਾਰ ਚੋਣਾਂ: ਕਾਂਗਰਸ ਨੇ 25 ਉਮੀਦਵਾਰ ਤੈਅ ਕੀਤੇ
ਨਵੀਂ ਦਿੱਲੀ: ਬਿਹਾਰ ’ਚ ਮਹਾਗੱਠਜੋੜ ਦੇ ਭਾਈਵਾਲਾਂ ਨਾਲ ਸੀਟਾਂ ਦੀ ਵੰਡ ਬਾਰੇ ਗੱਲਬਾਤ ਦੇ ਬਾਵਜੂਦ ਕਾਂਗਰਸ ਨੇ ਅੱਜ ਪਾਰਟੀ ਦੇ ਉਮੀਦਵਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਜਾਣਕਾਰੀ ਮੁਤਾਬਕ ਬਿਹਾਰ ’ਚ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ 25 ਉਮੀਦਵਾਰ ਤੈਅ ਕਰ ਲਏ ਹਨ। ਇਥੇ ਇੰਦਰਾ ਭਵਨ ’ਚ ਕੇਂਦਰੀ ਚੋਣ ਕਮੇਟੀ ਨੇ ਉਮੀਦਵਾਰ ਤੈਅ ਕਰਨ ਲਈ ਮੀਟਿੰਗ ਕੀਤੀ ਜਿਸ ’ਚ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ, ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵਰਚੁਅਲੀ ਸ਼ਮੂਲੀਅਤ ਕੀਤੀ। ਮੀਟਿੰਗ ’ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ (ਸੰਗਠਨ) ਕੇ ਸੀ ਵੇਣੂਗੋਪਾਲ, ਖ਼ਜ਼ਾਨਚੀ ਅਜੈ ਮਾਕਨ ਅਤੇ ਹੋਰ ਆਗੂਆਂ ਨੇ ਵੀ ਹਾਜ਼ਰੀ ਲੁਆਈ। ਕੇਂਦਰੀ ਚੋਣ ਕਮੇਟੀ ਦੇ ਮੈਂਬਰ ਅਤੇ ਕਿਸ਼ਨਗੰਜ ਤੋਂ ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਜਾਵੇਦ ਨੇ ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਨੇ ਬਿਹਾਰ ਚੋਣਾਂ ਲਈ 25 ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। -ਪੀਟੀਆਈ
ਬਿਹਾਰ ’ਚ ਚੋਣ ਜ਼ਾਬਤਾ ਕੇਂਦਰ ਸਰਕਾਰ ’ਤੇ ਵੀ ਲਾਗੂ ਹੋਵੇਗਾ
ਨਵੀਂ ਦਿੱਲੀ: ਕੇਂਦਰ ਸਰਕਾਰ ਬਿਹਾਰ ਨਾਲ ਸਬੰਧਤ ਨੀਤੀਗਤ ਫ਼ੈਸਲੇ ਅਤੇ ਐਲਾਨ ਨਹੀਂ ਕਰ ਸਕੇਗੀ। ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਆਦਰਸ਼ ਚੋਣ ਜ਼ਾਬਤਾ ਕੇਂਦਰ ਸਰਕਾਰ ’ਤੇ ਵੀ ਲਾਗੂ ਹੋਵੇਗਾ। ਬਿਹਾਰ ’ਚ ਵਿਧਾਨ ਸਭਾ ਚੋਣਾਂ ਦਾ ਸੋਮਵਾਰ ਨੂੰ ਐਲਾਨ ਕੀਤੇ ਜਾਣ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ। ਬਿਹਾਰ ’ਚ ਵੋਟਾਂ ਦੋ ਗੇੜਾਂ 6 ਅਤੇ 11 ਨਵੰਬਰ ਨੂੰ ਪੈਣਗੀਆਂ ਅਤੇ ਨਤੀਜਾ 14 ਨਵੰਬਰ ਨੂੰ ਆਵੇਗਾ। ਇਥੇ ਜਾਰੀ ਇਕ ਬਿਆਨ ’ਚ ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਨਾਗਰਿਕਾਂ ਦੀ ਨਿੱਜਤਾ ਦਾ ਸਨਮਾਨ ਕਰਦਿਆਂ ਪ੍ਰਾਈਵੇਟ ਘਰਾਂ ਦੇ ਬਾਹਰ ਪ੍ਰਦਰਸ਼ਨ ਜਾਂ ਘਿਰਾਓ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਜ਼ਮੀਨ, ਇਮਾਰਤਾਂ ਜਾਂ ਦੀਵਾਰਾਂ ’ਤੇ ਝੰਡੇ, ਬੈਨਰ ਜਾਂ ਪੋਸਟਰ ਮਾਲਕ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਗਾਏ ਜਾਣੇ ਚਾਹੀਦੇ ਹਨ।’’ ਚੋਣ ਕਮਿਸ਼ਨ ਨੇ ਸਰਕਾਰੀ, ਜਨਤਕ ਅਤੇ ਨਿੱਜੀ ਸੰਪਤੀ ਵਿਗਾੜਨ ਤੋਂ ਰੋਕਣ, ਕਿਸੇ ਵੀ ਸਿਆਸੀ ਪਾਰਟੀ, ਉਮੀਦਵਾਰ ਜਾਂ ਚੋਣਾਂ ਨਾਲ ਸਬੰਧਤ ਕਿਸੇ ਹੋਰ ਵਿਅਕਤੀ ਵੱਲੋਂ ਸਰਕਾਰੀ ਵਾਹਨਾਂ ਜਾਂ ਰਿਹਾਇਸ਼ ਦੀ ਦੁਰਵਰਤੋਂ ਅਤੇ ਸਰਕਾਰੀ ਖਜ਼ਾਨੇ ’ਚੋਂ ਇਸ਼ਤਿਹਾਰ ਜਾਰੀ ਕਰਨ ’ਤੇ ਪਾਬੰਦੀ ਜਿਹੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। -ਪੀਟੀਆਈ