ਬਿਹਾਰ ਚੋਣਾਂ: ਤੇਜ ਪ੍ਰਤਾਪ ਯਾਦਵ ਨੇ ਮਹੂਆ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਦਾਅਵੇਦਾਰੀ ਐਲਾਨੀ
ਬਿਹਾਰ ਦੇ ਸਾਬਕਾ ਮੰਤਰੀ ਤੇਜ ਪ੍ਰਤਾਪ ਸਿੰਘ ਨੇ ਅਗਾਮੀ ਬਿਹਾਰ ਅਸੈਂਬਲੀ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਵੈਸ਼ਾਲੀ ਜ਼ਿਲ੍ਹੇ ਦੀ ਮਹੂਆ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਸਿੰਘ ਨੂੰ ਉਨ੍ਹਾਂ ਦੇ ਪਿਤਾ ਤੇ ਪਾਰਟੀ ਦੇ ਬਾਨੀ ਪ੍ਰਧਾਨ ਲਾਲੂ ਪ੍ਰਸਾਦ ਨੇ ਹਾਲ ਹੀ ਵਿਚ ਰਾਸ਼ਟਰੀ ਜਨਤਾ ਦਲ (RJD) ’ਚੋਂ ਬਾਹਰ ਕੱਢ ਦਿੱਤਾ ਸੀ। ਤੇਜ ਪ੍ਰਤਾਪ ਯਾਦਵ ਇਸ ਵੇਲੇ ਸਮਸਤੀਪੁਰ ਜ਼ਿਲ੍ਹੇ ਦੀ ਹਸਨਪੁਰ ਸੀਟ ਤੋਂ ਵਿਧਾਇਕ ਹੈ।
ਸ਼ਨਿੱਚਰਵਾਰ ਸ਼ਾਮ ਨੂੰ ਇੱਥੇ ਆਪਣੇ ਨਿਵਾਸ ਸਥਾਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਸਿੰਘ ਨੇ ਕਿਹਾ, ‘‘ਹਾਂ, ਐਤਕੀਂ ਮੈਂ ਮਹੂਆ ਵਿਧਾਨ ਸਭਾ ਸੀਟ ਤੋਂ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਂਗਾ। ਮੇਰੇ ਵਿਰੋਧੀਆਂ ਨੂੰ ਜ਼ਰੂਰ ਖੁਜਲੀ ਮਹਿਸੂਸ ਹੋਣ ਲੱਗ ਪਈ ਹੋਵੇਗੀ।’’ ਉਨ੍ਹਾਂ ਕਿਹਾ, ‘‘ਮੈਨੂੰ ਲੋਕਾਂ ਦਾ ਸਮਰਥਨ ਪ੍ਰਾਪਤ ਹੈ... ਵੱਡੀ ਗਿਣਤੀ ਵਿੱਚ ਲੋਕ ਹੁਣ ਮੇਰੀ ‘ਟੀਮ ਤੇਜ ਪ੍ਰਤਾਪ ਯਾਦਵ’ ਨਾਲ ਜੁੜੇ ਹੋਏ ਹਨ, ਜੋ ਕਿ ਲੋਕਾਂ ਤੱਕ ਪਹੁੰਚਣ ਲਈ ਇੱਕ ਸੋਸ਼ਲ ਮੀਡੀਆ ਪਲੈਟਫਾਰਮ ਹੈ।’’
ਤੇਜ ਪ੍ਰਤਾਪ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਹੁਦਾ ਛੱਡਣਾ ਪਏਗਾ। ਉਨ੍ਹਾਂ ਕਿਹਾ, ‘‘ਮੈਨੂੰ ਵਿਸ਼ਵਾਸ ਹੈ ਕਿ ‘ਚਾਚਾ’ (ਨਿਤੀਸ਼) ਮੁੱਖ ਮੰਤਰੀ ਨਹੀਂ ਬਣਨਗੇ... ਜੋ ਲੋਕ ਸਰਕਾਰ ਬਣਾਉਣਗੇ, ਜੇ ਉਹ ਨੌਜਵਾਨਾਂ, ਰੁਜ਼ਗਾਰ, ਸਿੱਖਿਆ ਅਤੇ ਸਿਹਤ ਦੀ ਗੱਲ ਕਰਦੇ ਹਨ, ਤਾਂ ਤੇਜ ਪ੍ਰਤਾਪ ਯਾਦਵ ਉਨ੍ਹਾਂ ਦੇ ਨਾਲ ਖੜ੍ਹੇ ਹੋਣਗੇ।’’ ਬਿਹਾਰ ਦੇ ਸਾਬਕਾ ਮੰਤਰੀ ਤੇਜ ਪ੍ਰਤਾਪ ਨੂੰ 25 ਮਈ ਨੂੰ ਉਨ੍ਹਾਂ ਦੇ ਪਿਤਾ ਲਾਲੂ ਪ੍ਰਸਾਦ ਨੇ ਛੇ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਉਨ੍ਹਾਂ ਨੂੰ ਅਨੁਸ਼ਕਾ ਨਾਮ ਦੀ ਇੱਕ ਔਰਤ ਨਾਲ ਸਬੰਧਾਂ ਬਾਰੇ ਕਥਿਤ ਤੌਰ ’ਤੇ ਸੋਸ਼ਲ ਮੀਡੀਆ ਉੱਤੇ ਕਬੂਲ ਕਰਨ ਤੋਂ ਇੱਕ ਦਿਨ ਬਾਅਦ ਕੱਢ ਦਿੱਤਾ ਗਿਆ ਸੀ।
ਤੇਜ ਪ੍ਰਤਾਪ ਨੇ ਹਾਲਾਂਕਿ ਬਾਅਦ ਵਿੱਚ ਫੇਸਬੁੱਕ ਪੋਸਟ ਨੂੰ ਇਸ ਦਾਅਵੇ ਨਾਲ ਡਿਲੀਟ ਕਰ ਦਿੱਤਾ ਕਿ ਉਸ ਦਾ ਪੇਜ ‘ਹੈਕ’ ਹੋ ਗਿਆ ਸੀ। ਲਾਲੂ ਪ੍ਰਸਾਦ ਨੇ ਤੇਜ ਪ੍ਰਤਾਪ ਨੂੰ ਉਸ ਦੇ ‘ਗੈਰ-ਜ਼ਿੰਮੇਵਾਰਾਨਾ ਵਿਵਹਾਰ’ ਕਾਰਨ ਵੀ ਅਸਵੀਕਾਰ ਕਰ ਦਿੱਤਾ। ਪਾਰਟੀ ’ਚੋਂ ਕੱਢੇ ਜਾਣ ਤੋਂ ਕੁਝ ਦਿਨ ਬਾਅਦ, ਤੇਜ ਪ੍ਰਤਾਪ ਨੇ ਦੋਸ਼ ਲਗਾਇਆ ਸੀ ਕਿ ਇਹ ਉਸ ਦੇ ਅਤੇ ਉਹਦੇ ਛੋਟੇ ਭਰਾ ਤੇਜਸਵੀ ਯਾਦਵ ਵਿਚਕਾਰ ਪਾੜਾ ਪਾਉਣ ਦੀ ‘ਸਾਜ਼ਿਸ਼’ ਸੀ। ਤੇਜ ਪ੍ਰਤਾਪ ਨੇ ਆਪਣੇ ਐਕਸ ਹੈਂਡਲ ’ਤੇ ਕੁਝ ਪੋਸਟਾਂ ਵਿੱਚ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਸਨ, ਜਿਸ ਵਿੱਚ ਸੰਕਟ ਦਾ ਦੋਸ਼ ‘ਜੈਚੰਦ’ ਉੱਤੇ ਲਗਾਇਆ ਗਿਆ ਸੀ, ਜੋ ਕਿ ਗੱਦਾਰਾਂ ਲਈ ਇੱਕ ਰੂਪਕ ਹੈ। ਤੇਜ ਪ੍ਰਤਾਪ ਯਾਦਵ ਨੇ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਰਾਜਨੀਤਕ ਸ਼ੁਰੂਆਤ ਕੀਤੀ ਸੀ, ਅਤੇ ਸੂਬਾਈ ਕੈਬਨਿਟ ਵਿੱਚ ਦੋ ਸੰਖੇਪ ਕਾਰਜਕਾਲਾਂ ਨਾਲ ਦੂਜੀ ਵਾਰ ਵਿਧਾਇਕ ਹਨ।