ਬਿਹਾਰ ਚੋਣਾਂ: RJD ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਲਈ 2 ਵਿਧਾਇਕਾਂ ਸਣੇ 27 ਆਗੂ ਬਰਖਾਸਤ
ਰਾਸ਼ਟਰੀ ਜਨਤਾ ਦਲ (RJD) ਨੇ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਸੰਗਠਨ ਦੀ ਵਿਚਾਰਧਾਰਾ ਦੀ ਉਲੰਘਣਾ ਕਰਨ ਲਈ 27 ਆਗੂਆਂ – ਜਿਨ੍ਹਾਂ ਵਿੱਚ ਦੋ ਵਿਧਾਇਕ, ਚਾਰ ਸਾਬਕਾ ਵਿਧਾਇਕ ਅਤੇ ਇੱਕ MLC (ਮੈਂਬਰ ਆਫ਼ ਲੈਜਿਸਲੇਟਿਵ ਕੌਂਸਲ) ਸ਼ਾਮਲ ਹਨ – ਨੂੰ ਬਰਖਾਸਤ ਕਰ ਦਿੱਤਾ ਹੈ।
RJD ਦੇ ਸੂਬਾ ਮੁਖੀ ਮੰਗਨੀ ਲਾਲ ਮੰਡਲ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, ਬਰਖਾਸਤ ਕੀਤੇ ਗਏ ਆਗੂਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਬਿਆਨ ਵਿੱਚ ਸੋਮਵਾਰ ਸ਼ਾਮ ਨੂੰ ਕਿਹਾ ਗਿਆ ਹੈ, ‘‘RJD ਨੇ ਆਗੂਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਹੈ, ਜਦੋਂ ਪਾਇਆ ਗਿਆ ਕਿ ਉਹ RJD ਜਾਂ 'ਮਹਾਗਠਬੰਧਨ' ਦੇ ਨਾਮਜ਼ਦ ਉਮੀਦਵਾਰਾਂ ਵਿਰੁੱਧ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਸਨ।’’
ਬਰਖਾਸਤ ਕੀਤੇ ਗਏ ਵਿਧਾਇਕਾਂ ਵਿੱਚ ਛੋਟੇ ਲਾਲ ਰਾਏ (ਪਾਰਸਾ) ਅਤੇ ਮੁਹੰਮਦ ਕਾਮਰਾਨ (ਗੋਵਿੰਦਪੁਰ) ਸ਼ਾਮਲ ਹਨ। ਚਾਰ ਸਾਬਕਾ ਵਿਧਾਇਕ – ਰਾਮ ਪ੍ਰਕਾਸ਼ ਮਾਹਤੋ, ਅਨਿਲ ਸਾਹਨੀ, ਸਰੋਜ ਯਾਦਵ ਅਤੇ ਅਨਿਲ ਯਾਦਵ – ਅਤੇ ਸਾਬਕਾ MLC ਗਣੇਸ਼ ਭਾਰਤੀ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ, RJD ਦੇ ਇੱਕ ਸੀਨੀਅਰ ਆਗੂ ਨੇ ਕਿਹਾ, "ਬਰਖਾਸਤ ਕੀਤੇ ਗਏ ਆਗੂ INDIA ਗੱਠਜੋੜ ਅਤੇ RJD ਦੇ ਰਸਮੀ ਤੌਰ 'ਤੇ ਐਲਾਨੇ ਉਮੀਦਵਾਰਾਂ ਵਿਰੁੱਧ ਕੰਮ ਕਰ ਰਹੇ ਸਨ।"
243 ਮੈਂਬਰੀ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ 6 ਨਵੰਬਰ ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿੱਚ ਹੋਣਗੀਆਂ, ਜਿਸ ਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣੇ ਹਨ। -ਪੀਟੀਆਈ
