ਬਿਹਾਰ ਚੋਣਾਂ: ਪਾਰਟੀਆਂ ਏ ਆਈ ਆਧਾਰਿਤ ਸਾਧਨਾਂ ਦੀ ਦੁਰਵਰਤੋਂ ਨਾ ਕਰਨ: ਚੋਣ ਕਮਿਸ਼ਨ
Don't misuse AI-based tools to spread misinformation in Bihar poll campaigning: ECਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਦੀ ਦੁਰਵਰਤੋਂ ਕਰ ਕੇ ਕਿਸੇ ਹੋਰ ਦਾ ਚਿਹਰਾ ਲਾ ਕੇ ਦਿੱਤੀ ਗਈ ਜਾਣਕਾਰੀ ਜਾਂ ਜਾਣਕਾਰੀ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਿਰੁੱਧ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਹੈ। ਚੋਣ ਅਥਾਰਟੀ ਨੇ ਅੱਜ ਪਾਰਟੀਆਂ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਜਾਂ ਇਸ਼ਤਿਹਾਰਾਂ ਬਾਰੇ ਮੁੜ ਹਦਾਇਤਾਂ ਜਾਰੀ ਕੀਤੀਆਂ। ਚੋਣ ਕਮਿਸ਼ਨ ਨੇ ਕਿਹਾ ਕਿ ਪਾਰਟੀਆਂ, ਸਟਾਰ ਪ੍ਰਚਾਰਕ ਅਤੇ ਉਮੀਦਵਾਰ ਇਸ ਬਾਰੇ ਪ੍ਰਮੁੱਖਤਾ ਨਾਲ ਐਲਾਨ ਕਰਨ ਕਿ ਇਹ ਸਮੱਗਰੀ ਏ ਆਈ ਜਨਰੇਟਿਡ ਤੇ ਡਿਜੀਟਲ ਤਰੀਕੇ ਨਾਲ ਤਿਆਰ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਚਿਤਾਵਨੀ ਦਿੱਤੀ ਕਿ ਚੋਣ ਮਾਹੌਲ ਨੂੰ ਖਰਾਬ ਨਾ ਕਰਨ ਨੂੰ ਯਕੀਨੀ ਬਣਾਉਣ ਲਈ ਸੋਸ਼ਲ ਮੀਡੀਆ ਪੋਸਟਾਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਕਮਿਸ਼ਨ ਨੇ ਪਾਰਟੀਆਂ ਨੂੰ ਏ ਆਈ ਆਧਾਰਿਤ ਸਾਧਨਾਂ ਦੀ ਦੁਰਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ ਤਾਂ ਕਿ ਚੋਣ ਪ੍ਰਕਿਰਿਆ ਦੀ ਅਖੰਡਤਾ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਗਲਤ ਜਾਣਕਾਰੀ ਨੂੰ ਰੋਕਣ ਲਈ ਵੀ ਪਾਰਟੀਆਂ ਨੂੰ ਹਦਾਇਤਾਂ ਦਿੱਤੀਆਂ ਸਨ। ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੋ ਪੜਾਵਾਂ 6 ਅਤੇ 11 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 14 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਪੀ.ਟੀ.ਆਈ