ਬਿਹਾਰ ਚੋਣਾਂ: ਐੱਨ ਡੀ ਏ ਵੱਲੋਂ ਅੱਜ ਕੀਤਾ ਜਾ ਸਕਦੈ ਸੀਟਾਂ ਦੀ ਵੰਡ ਦਾ ਐਲਾਨ
ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਅੱਜ ਇੱਥੇ ਆਗਾਮੀ ਬਿਹਾਰ ਵਿਧਾਨ ਸਭਾ ਚੋਣਾਂ ਬਾਰੇ ਪਾਰਟੀ ਆਗੂਆਂ ਤੇ ਭਾਈਵਾਲ ਪਾਰਟੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਜੈਸਵਾਲ ਨੇ ਸੰਕੇਤ ਦਿੱਤਾ ਕਿ ਐੱਨ ਡੀ ਏ ਵੱਲੋਂ ਐਤਵਾਰ ਤੱਕ ਸੀਟਾਂ ਦੀ ਵੰਡ ਦਾ ਐਲਾਨ ਕਰ ਦਿੱਤਾ ਜਾਵੇਗਾ। ਇਹ ਮੀਟਿੰਗ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਸੰਭਾਵੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਹੋਈ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹੋਣਗੇ ਤੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣਗੇ। ਬਿਹਾਰ ਵਿੱਚ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿੱਚ ਵੋਟਾਂ ਪੈਣੀਆਂ ਹਨ।
ਸੂਤਰਾਂ ਨੇ ਦੱਸਿਆ ਕਿ ਜਨਤਾ ਦਲ (ਯੂਨਾਈਟਿਡ) ਅਤੇ ਐੱਲ ਜੇ ਪੀ (ਰਾਮ ਵਿਲਾਸ) ਨਾਲ ਸੀਟਾਂ ਦੀ ਵੰਡ ਦਾ ਫਾਰਮੂਲਾ ਲਗਪਗ ਤੈਅ ਹੋ ਗਿਆ ਹੈ, ਜਦਕਿ ਹਿੰਦੁਸਤਾਨ ਆਵਾਮ ਮੋਰਚਾ (ਸੈਕੂਲਰ) ਦੇ ਮੁਖੀ ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਤੇ ਰਾਸ਼ਟਰੀ ਲੋਕ ਮੋਰਚਾ (ਆਰ ਐੱਲ ਐੱਮ) ਦੇ ਮੁਖੀ ਉਪੇਂਦਰ ਕੁਸ਼ਵਾਹਾ ਨਾਲ ਗੱਲਬਾਤ ਚੱਲ ਰਹੀ ਹੈ। ਐੱਨ ਡੀ ਏ ਦੇ ਸੂਤਰਾਂ ਅਨੁਸਾਰ ਜੇ ਡੀ (ਯੂ) ਲਗਪਗ 101 ਜਾਂ 102 ਸੀਟਾਂ ’ਤੇ ਅਤੇ ਭਾਜਪਾ ਇਸ ਤੋਂ ਇੱਕ ਸੀਟ ਘੱਟ ’ਤੇ ਚੋਣ ਲੜ ਸਕਦੀ ਹੈ।
ਮੀਟਿੰਗ ਤੋਂ ਪਹਿਲਾਂ ਭਾਜਪਾ ਦੀ ਬਿਹਾਰ ਇਕਾਈ ਦੇ ਪ੍ਰਧਾਨ ਦਿਲੀਪ ਜੈਸਵਾਲ ਨੇ ਕਿਹਾ, ‘ਐੱਨ ਡੀ ਏ ਵਿੱਚ ਸਭ ਕੁਝ ਠੀਕ ਹੈ ਅਤੇ ਭਾਈਵਾਲਾਂ ਦੀਆਂ ਸੀਟਾਂ ਦਾ ਐਲਾਨ ਅੱਜ ਜਾਂ ਭਲਕੇ ਸਵੇਰੇ 11 ਵਜੇ ਤੱਕ ਕਰ ਦਿੱਤਾ ਜਾਵੇਗਾ।’ ਜਦੋਂ ਉਨ੍ਹਾਂ ਨੂੰ ਐੱਨ ਡੀ ਏ ਦੇ ਸੀਟ-ਵੰਡ ਫਾਰਮੂਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਐੱਨ ਡੀ ਏ ਵਿੱਚ ਸਭ ਕੁਝ ਤੈਅ ਹੋ ਗਿਆ ਹੈ। ਐੱਨ ਡੀ ਏ ਪੂਰੀ ਇਕਜੁੱਟਤਾ ਨਾਲ ਅੱਗੇ ਵਧ ਰਿਹਾ ਹੈ। ਸਭ ਕੁਝ ਠੀਕ ਹੈ।’ ਇਸ ਦੌਰਾਨ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਕੇਂਦਰੀ ਸੰਸਦੀ ਬੋਰਡ ਨੇ ਇੱਥੇ ਪ੍ਰਧਾਨ ਚਿਰਾਗ ਪਾਸਵਾਨ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ਵਿੱਚ ਉਨ੍ਹਾਂ ਨੂੰ ਸਾਰੇ ਫੈਸਲੇ ਲੈਣ ਦੇ ਅਧਿਕਾਰ ਦੇ ਦਿੱਤੇ ਹਨ।
ਸਾਡੇ ਸਾਹਮਣੇ ਸਾਰੇ ਰਾਹ ਖੁੱਲ੍ਹੇ: ਐੱਚਏਐੱਮ (ਸੈਕੂਲਰ)
ਭਾਜਪਾ ਪ੍ਰਧਾਨ ਜੇਪੀ ਨੱਢਾ ਦੀ ਰਿਹਾਇਸ਼ ’ਤੇ ਦਿਨ ਭਰ ਚੱਲੀ ਮੀਟਿੰਗ ਦੌਰਾਨ ਜੀਤਨ ਰਾਮ ਮਾਂਝੀ ਨੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਸੀਟਾਂ ਦੀ ਵੰਡ ਬਾਰੇ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਹਿੰਦੁਸਤਾਨ ਆਵਾਮ ਮੋਰਚਾ (ਸੈਕੂਲਰ) ਦੇ ਕੌਮੀ ਜਨਰਲ ਸਕੱਤਰ ਰਾਜੇਸ਼ ਪਾਂਡੇ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਸਾਹਮਣੇ ਆਪਣੇ ਵਿਚਾਰ ਰੱਖੇ ਹਨ। ਸਾਡੇ ਕੋਲ ਸਾਰੇ ਬਦਲ ਖੁੱਲ੍ਹੇ ਹਨ। ਇੱਕ ਪੁਰਾਣੀ ਕਹਾਵਤ ਹੈ ਕਿ ਸਿਆਸਤ ਵਿੱਚ ਨਾ ਕੋਈ ਕਿਸੇ ਦਾ ਦੋਸਤ ਹੁੰਦਾ ਹੈ ਅਤੇ ਨਾ ਹੀ ਕੋਈ ਦੁਸ਼ਮਣ।’