ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਹਾਰ ਚੋਣਾਂ: ਐੱਨ ਡੀ ਏ ਦਾ ਮੈਨੀਫੈਸਟੋ ਜਾਰੀ

ਇਕ ਕਰੋਡ਼ ਨੌਜਵਾਨਾਂ ਨੂੰ ਰੁਜ਼ਗਾਰ, ਮੁਫ਼ਤ ਬਿਜਲੀ ਤੇ ਬੁਨਿਆਦੀ ਢਾਂਚੇ ’ਚ ਵਿਕਾਸ ਦਾ ਵਾਅਦਾ
ਚੋਣ ਮੈਨੀਫੈਸਟੋ ਜਾਰੀ ਕਰਦੇ ਹੋਏ ਭਾਜਪਾ ਪ੍ਰਧਾਨ ਜੇ ਪੀ ਨੱਢਾ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਹੋਰ। -ਫੋਟੋ: ਪੀਟੀਆਈ
Advertisement

ਕੌਮੀ ਜਮਹੂਰੀ ਗੱਠਜੋੜ (ਐੱਨ ਡੀ ਏ) ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਮੈਨੀਫੈਸਟੋ ਜਾਰੀ ਕਰ ਦਿੱਤਾ ਜਿਸ ’ਚ ਇਕ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਇੱਕ ਕਰੋੜ ‘ਲਖਪਤੀ ਦੀਦੀ’ ਬਣਾਉਣ, ਚਾਰ ਸ਼ਹਿਰਾਂ ’ਚ ਮੈਟਰੋ ਸੇਵਾਵਾਂ ਸ਼ੁਰੂ ਕਰਨ ਅਤੇ ਸੂਬੇ ’ਚ ਸੱਤ ਕੌਮਾਂਤਰੀ ਹਵਾਈ ਅੱਡੇ ਵਿਕਸਤ ਕਰਨ ਜਿਹੇ ਕਈ ਵਾਅਦੇ ਕੀਤੇ ਹਨ।

ਚੋਣ ਮਨੋਰਥ ਪੱਤਰ ’ਚ ਸੱਤ ਐਕਸਪ੍ਰੈੱਸਵੇਅ, 10 ਸਨਅਤੀ ਪਾਰਕ, ਕੇ ਜੀ ਤੋਂ ਪੀ ਜੀ ਤੱਕ ਮੁਫ਼ਤ ਮਿਆਰੀ ਸਿੱਖਿਆ ਅਤੇ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਵਰਗ ਦੇ ਵਿਦਿਆਰਥੀਆਂ ਨੂੰ ਪ੍ਰਤੀ ਮਹੀਨਾ ਦੋ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਜਿਹੀਆਂ ਕਈ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਅਨੁਸਾਰ ਐੱਨ ਡੀ ਏ ਦੇ ਸੱਤਾ ’ਚ ਆਉਣ ’ਤੇ ਵਿਸ਼ਵ ਪੱਧਰੀ ਮੈਡੀਸਿਟੀ, ਹਰ ਜ਼ਿਲ੍ਹੇ ’ਚ ਮੈਡੀਕਲ ਕਾਲਜ, ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਮੁਫ਼ਤ ਰਾਸ਼ਨ ਤੇ 50 ਲੱਖ ਨਵੇਂ ਪੱਕੇ ਮਕਾਨ ਮੁਹੱਈਆ ਕੀਤੇ ਜਾਣਗੇ ਅਤੇ ਨਾਲ ਹੀ ਸੀਤਾਮੜ੍ਹੀ ਜ਼ਿਲ੍ਹੇ ’ਚ ਮਾਤਾ ਸੀਤਾ ਦੇ ਜਨਮ ਸਥਾਨ ‘ਪੁਨੌਰਾ ਧਾਮ ਜਾਨਕੀ ਮੰਦਿਰ’ ਨੂੰ ‘ਸੀਤਾਪੁਰਮ’ ਨਾਂ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਇਹ ਮੈਨੀਫੈਸਟੋ ਮੁੱਖ ਮੰਤਰੀ ਨਿਤੀਸ਼ ਕੁਮਾਰ, ਭਾਜਪਾ ਪ੍ਰਧਾਨ ਜੇ ਪੀ ਨੱਢਾ, ਉਪ ਮੁੱਖ ਮੰਤਰੀ ਸਮਰਾਟ ਚੌਧਰੀ, ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ, ਜੀਤਨ ਰਾਮ ਮਾਂਝੀ, ਚਿਰਾਗ ਪਾਸਵਾਨ ਤੇ ਗੱਠਜੋੜ ਦੀਆਂ ਪਾਰਟੀਆਂ ਦੇ ਹੋਰ ਆਗੂਆਂ ਦੀ ਮੌਜੂਦਗੀ ’ਚ ਜਾਰੀ ਕੀਤਾ ਗਿਆ।

Advertisement

ਉਪ ਮੁੱਖ ਮੰਤਰੀ ਚੌਧਰੀ ਨੇ ਕਿਹਾ ਕਿ ਜੇ ਮੁੜ ਐੱਨ ਡੀ ਏ ਸਰਕਾਰ ਬਣੀ ਤਾਂ ਉਹ ਸਰਕਾਰੀ ਨੌਕਰੀਆਂ ਤੇ ਰੁਜ਼ਗਾਰ ਦੇ ਇੱਕ ਕਰੋੜ ਤੋਂ ਵੱਧ ਮੌਕੇ ਮੁਹੱਈਆ ਕਰੇਗੀ ਅਤੇ ਹੁਨਰ ਆਧਾਰਿਤ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ‘ਹੁਨਰ ਜਨਗਣਨਾ’ ਕਰਵਾਈ ਜਾਵੇਗੀ। ਹਰ ਜ਼ਿਲ੍ਹੇ ’ਚ ‘ਮੈਗਾ ਸਕਿਲ ਸੈਂਟਰ’ ਸਥਾਪਤ ਕੀਤੇ ਜਾਣਗੇ ਜਿਨ੍ਹਾਂ ਨੂੰ ਅੱਗੇ ਜਾ ਕੇ ‘ਗਲੋਬਲ ਸਕਿਲਿੰਗ ਸੈਂਟਰ’ ਵਜੋਂ ਵਿਕਸਿਤ ਕੀਤਾ ਜਾਵੇਗਾ। ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਤਹਿਤ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਦੋ ਲੱਖ ਰੁਪਏ ਤੱਕ ਦੀ ਵਿੱਤੀ ਮਦਦ ਦਿੱਤੀ ਜਾਵੇਗੀ। ਮੈਨੀਫੈਸਟੋ ’ਚ ਇਹ ਵੀ ਕਿਹਾ ਗਿਆ ਹੈ ਕਿ ਐੱਨ ਡੀ ਏ ਇੱਕ ਕਰੋੜ ‘ਲਖਪਤੀ ਦੀਦੀ’ ਬਣਾਏਗਾ ਤੇ ‘ਮਿਸ਼ਨ ਕਰੋੜਪਤੀ’ ਤਹਿਤ ਚੁਣੀਆਂ ਮਹਿਲਾ ਉੱਧਮੀਆਂ ਨੂੰ ਕਰੋੜਪਤੀ ਬਣਾਉਣ ਦੀ ਦਿਸ਼ਾ ’ਚ ਕੰਮ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2023 ’ਚ ‘ਲਖਪਤੀ ਦੀਦੀ’ ਯੋਜਨਾ ਸ਼ੁਰੂ ਕੀਤੀ ਸੀ ਜਿਸ ਦਾ ਮਕਸਦ ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਲਈ ਪ੍ਰਤੀ ਸਾਲ ਘੱਟ ਤੋਂ ਘੱਟ ਇੱਕ ਲੱਖ ਰੁਪਏ ਦੀ ਆਮਦਨ ਯਕੀਨੀ ਬਣਾਉਣਾ ਹੈ। ਅਤਿ ਪੱਛੜਾ ਵਰਗ ਦੀ ਭਲਾਈ ਲਈ ਐੱਨ ਡੀ ਏ ਨੇ ਐਲਾਨ ਕੀਤਾ ਕਿ ਇਸ ਵਰਗ ਦੇ ਵੱਖ ਵੱਖ ਪੇਸ਼ੇਵਰ ਸਮੂਹਾਂ ਨੂੰ 10 ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਜਾਵੇਗੀ।

ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਐਕਸ ’ਤੇ ਪੋਸਟ ਕੀਤਾ, ‘‘ਇਹ ਮੈਨੀਫੈਸਟੋ ਕਿਸਾਨਾਂ ਦੀ ਭਲਾਈ, ਨੌਜਵਾਨਾਂ ਨੂੰ ਰੁਜ਼ਗਾਰ, ਮਹਿਲਾਵਾਂ ਦੇ ਸ਼ਕਤੀਕਰਨ, ਬੁਨਿਆਦੀ ਢਾਂਚੇ ਦੇ ਵਿਕਾਸ ਤੇ ਆਤਮ ਨਿਰਭਰ ਬਿਹਾਰ ਦੇ ਨਿਰਮਾਣ ਪ੍ਰਤੀ ਸਾਡੀ ਵਚਨਬੱਧਤਾ ਦਾ ਦਸਤਾਵੇਜ਼ ਹੈ।’’ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਐੱਨ ਡੀ ਏ ਦਾ ਇਹ ਸਾਂਝਾ ਮੈਨੀਫੈਸਟੋ ਬਿਹਾਰ ਦੀ ਜਨਤਾ ਦੇ ਵਡਮੁੱਲੇ ਸੁਝਾਵਾਂ ਤੋਂ ਪ੍ਰੇਰਿਤ ਦਸਤਾਵੇਜ਼ ਹੈ।

Advertisement
Show comments