ਬਿਹਾਰ ਚੋਣਾਂ: ਵੋਟਰ ਸੂਚੀ ਦੀ ਘਰ-ਘਰ ਜਾ ਕੇ ਪੜਤਾਲ ਕਰੇਗਾ ਚੋਣ ਕਮਿਸ਼ਨ
ਨਵੀਂ ਦਿੱਲੀ, 22 ਜੂਨ
ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ’ਚ ਸੋਧ ਦੌਰਾਨ ਘਰ-ਘਰ ਜਾ ਕੇ ਪੜਤਾਲ ਕਰਨ ਦੀ ਯੋਜਨਾ ਬਣਾਈ ਹੈ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਵੱਖ ਵੱਖ ਸਿਵਲ ਸੰਸਥਾਵਾਂ, ਸਿਆਸੀ ਪਾਰਟੀਆਂ ਤੇ ਹੋਰ ਲੋਕਾਂ ਵੱਲੋਂ ਵੋਟਰ ਸੂਚੀ ’ਚ ਨਾਂ ਸ਼ਾਮਲ ਕਰਨ ਜਾਂ ਹਟਾਉਣ ਨੂੰ ਲੈ ਕੇ ਲਗਾਤਾਰ ਚਿੰਤਾ ਜਤਾਈ ਗਈ ਹੈ। ਕਾਂਗਰਸ ਸਮੇਤ ਕਈ ਪਾਰਟੀਆਂ ਨੇ ਕਮਿਸ਼ਨ ’ਤੇ ਭਾਜਪਾ ਦੀ ਮਦਦ ਕਰਨ ਲਈ ਅੰਕੜਿਆਂ ’ਚ ਹੇਰਾਫੇਰੀ ਕਰਨ ਦਾ ਦੋਸ਼ ਲਾਇਆ ਹੈ। ਅਧਿਕਾਰੀਆਂ ਨੇ ਅਫਸੋਸ ਜ਼ਾਹਿਰ ਕੀਤਾ ਕਿ ਵਿਸਥਾਰਤ ਪ੍ਰੋਟੋਕੋਲ ਦਾ ਪਾਲਣ ਕਰਨ ਦੇ ਬਾਵਜੂਦ ਕਮਿਸ਼ਨ ’ਤੇ ਵੋਟਰ ਸੂਚੀ ਵਿੱਚ ਮਨਮਰਜ਼ੀ ਨਾਲ ਨਾਂ ਵਧਾਉਣ ਲਈ ਅਕਸਰ ਦੋਸ਼ ਲਾਏ ਜਾਂਦੇ ਹਨ ਜਦਕਿ ਇਹ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਨਾਲ ਅਤੇ ਸਿਆਸੀ ਪਾਰਟੀਆਂ ਦੀ ਲਗਾਤਾਰ ਨਿਗਰਾਨੀ ਹੇਠ ਕੀਤੀ ਜਾਂਦੀ ਹੈ। ਸੂਤਰਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਦੀ ਜਾਂਚ ਕਰਦੇ ਸਮੇਂ ਹਰ ਘਰ ਜਾ ਕੇ ਪੂਰੀ ਸਾਵਧਾਨੀ ਨਾਲ ਪੜਤਾਲ ਕਰਨਾ ਚਾਹੁੰਦਾ ਹੈ। ਇਸ ਦੇ ਪਿੱਛੇ ਦਾ ਮਕਸਦ ਇਹ ਹੈ ਕਿ ਵੋਟਰ ਸੂਚੀ ’ਚ ਕੋਈ ਗਲਤੀ ਨਾ ਰਹਿ ਜਾਵੇ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਇੰਨੀ ਡੂੰਘੀ ਸੋਧ ਪਹਿਲਾਂ ਵੀ ਹੋ ਚੁੱਕੀ ਹੈ ਅਤੇ ਆਖਰੀ ਵਾਰ 2004 ’ਚ ਅਜਿਹਾ ਕੀਤਾ ਗਿਆ ਸੀ। -ਪੀਟੀਆਈ