ਬਿਹਾਰ ਚੋਣਾਂ: ‘ਆਪ’ ਵੱਲੋਂ 12 ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ
Bihar polls: AAP releases fourth list of 12 candidates; Cong releases another list of 6 candidates
ਆਮ ਆਦਮੀ ਪਾਰਟੀ (ਆਪ) ਨੇ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਅੱਜ 12 ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਦੇ ਜਾਰੀ ਹੋਣ ਨਾਲ ‘ਆਪ’ ਨੇ 132 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਉਮੀਦਵਾਰਾਂ ਦੀ ਚੌਥੀ ਸੂਚੀ ਵਿੱਚ ਮਧੂਬਨ ਹਲਕੇ ਵਿੱਚ ਕੁਮਾਰ ਕੁਨਾਲ, ਸਾਪੌਲ ਵਿੱਚ ਬ੍ਰਿਜ ਭੂਸ਼ਣ (ਨਵੀਨ) ਅਤੇ ਗਯਾ ਟਾਊਨ ਵਿੱਚ ਅਨਿਲ ਕੁਮਾਰ ਨੂੰ ਪਾਰਟੀ ਟਿਕਟ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ‘ਆਪ’ ਨੇ 18 ਅਕਤੂਬਰ ਨੂੰ 50 ਉਮੀਦਵਾਰਾਂ ਨਾਲ ਤੀਜੀ ਸੂਚੀ ਜਾਰੀ ਕੀਤੀ ਸੀ। ਆਮ ਆਦਮੀ ਪਾਰਟੀ ਨੇ ਇੱਥੇ ਕਿਸੇ ਨਾਲ ਗੱਠਜੋੜ ਨਹੀਂ ਕੀਤਾ। ਬਿਹਾਰ ਦੀਆਂ ਸਾਰੀਆਂ 243 ਵਿਧਾਨ ਸਭਾ ਸੀਟਾਂ ਲਈ ਵੋਟਾਂ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿੱਚ ਪੈਣਗੀਆਂ ਜਿਨ੍ਹਾਂ ਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ। ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 20 ਅਕਤੂਬਰ ਹੈ। ਇਹ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਵੀ ਹੈ, ਜਿਸ ਵਿੱਚ 121 ਹਲਕਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਦੂਜੇ ਪਾਸੇ ਕਾਂਗਰਸ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਛੇ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਨਾਲ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੀ ਕੁੱਲ ਗਿਣਤੀ 60 ਹੋ ਗਈ ਹੈ। ਛੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕਾਂਗਰਸ ਨੇ ਵਾਲਮੀਕਿ ਨਗਰ ਤੋਂ ਸੁਰੇਂਦਰ ਪ੍ਰਸਾਦ ਕੁਸ਼ਵਾਹਾ, ਅਰਰੀਆ ਤੋਂ ਅਬਿਦੁਰ ਰਹਿਮਾਨ, ਅਮੌਰ ਤੋਂ ਜਲੀਲ ਮਸਤਾਨ, ਬਰਾਰੀ ਤੋਂ ਤੌਕੀਰ ਆਲਮ, ਕਾਹਲਗਾਓਂ ਤੋਂ ਪ੍ਰਵੀਨ ਸਿੰਘ ਕੁਸ਼ਵਾਹਾ ਅਤੇ ਸਿਕੰਦਰਾ (ਐਸਸੀ) ਤੋਂ ਵਿਨੋਦ ਚੌਧਰੀ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਕਾਂਗਰਸ ਨੇ ਵੀਰਵਾਰ ਨੂੰ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ 48 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਕੁਟੁੰਬਾ ਸੀਟ ਤੋਂ ਆਪਣੀ ਸੂਬਾ ਇਕਾਈ ਦੇ ਮੁਖੀ ਰਾਜੇਸ਼ ਰਾਮ ਅਤੇ ਕਡਵਾ ਤੋਂ ਸੀਐਲਪੀ ਨੇਤਾ ਸ਼ਕੀਲ ਅਹਿਮਦ ਖਾਨ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਪੀਟੀਆਈ ਤੇ ਏਐਨਆਈ