ਬਿਹਾਰ ਚੋਣਾਂ: 121 ਸੀਟਾਂ ’ਤੇ 65 ਫ਼ੀਸਦ ਵੋਟਿੰਗ
ਵੋਟਰ ਸੂਚੀਆਂ ’ਚ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਅਤੇ ‘ਵੋਟ ਚੋਰੀ’ ਦੇ ਦੋਸ਼ਾਂ ਦਰਮਿਆਨ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ’ਚ 121 ਸੀਟਾਂ ’ਤੇ 64.66 ਫ਼ੀਸਦ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਹਿੰਸਾ ਦੀਆਂ ਮਾਮੂਲੀ ਘਟਨਾਵਾਂ ਨੂੰ ਛੱਡ ਕੇ ਵੋਟਿੰਗ ਅਮਲ ਸ਼ਾਂਤ ਰਿਹਾ। ਚੋਣ ਕਮਿਸ਼ਨ ਮੁਤਾਬਕ ਵੋਟ ਫੀਸਦ ਹੋਰ ਵਧਣ ਦੀ ਸੰਭਾਵਨਾ ਹੈ। ਦੂਜੇ ਗੇੜ ’ਚ 11 ਨਵੰਬਰ ਨੂੰ 122 ਸੀਟਾਂ ’ਤੇ ਵੋਟਾਂ ਪੈਣਗੀਆਂ ਅਤੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ। ਪਿਛਲੀਆਂ ਚੋਣਾਂ ’ਚ 57.29 ਫੀਸਦ ਪੋਲਿੰਗ ਹੋਈ ਸੀ। ਮੁਜ਼ੱਫਰਪੁਰ ਜ਼ਿਲ੍ਹੇ ’ਚ ਸਭ ਤੋਂ ਵੱਧ 70.96 ਫ਼ੀਸਦ ਵੋਟਾਂ ਪਈਆਂ। ਸਮਸਤੀਪੁਰ ’ਚ 70.63 ਅਤੇ ਮਧੇਪੁਰਾ ’ਚ 67.21 ਫ਼ੀਸਦ ਵੋਟਿੰਗ ਹੋਈ। ਰਾਜਧਾਨੀ ਪਟਨਾ ’ਚ ਵੋਟਿੰਗ 57.93 ਫ਼ੀਸਦ ਰਹੀ। ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ’ਚ ਹੁਕਮਰਾਨ ਐੱਨ ਡੀ ਏ ਅਤੇ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਬਲਾਕ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਵੀ ਕੁਝ ਥਾਵਾਂ ’ਤੇ ਟੱਕਰ ਦੇ ਰਹੀ ਹੈ। ਆਰ ਜੇ ਡੀ ਦੇ ਤੇਜਸਵੀ ਯਾਦਵ, ਉਪ ਮੁੱਖ ਮੰਤਰੀਆਂ ਸਮਰਾਟ ਚੌਧਰੀ ਤੇ ਵਿਜੇ ਕੁਮਾਰ ਸਿਨਹਾ, ਲੋਕ ਗਾਇਕਾ ਮੈਥਿਲੀ ਠਾਕੁਰ, ਭੋਜਪੁਰੀ ਅਦਾਕਾਰ ਖੇਸਾਰੀ ਲਾਲ ਯਾਦਵ, ਜਨਸ਼ਕਤੀ ਜਨਤਾ ਦਲ ਦੇ ਤੇਜ ਪ੍ਰਤਾਪ ਯਾਦਵ, ਜੇ ਡੀ (ਯੂ) ਦੇ ਸੂਬਾ ਪ੍ਰਧਾਨ ਉਮੇਸ਼ ਕੁਸ਼ਵਾਹਾ ਤੇ ਭੋਲਾ ਯਾਦਵ ਸਮੇਤ 1314 ਉਮੀਦਵਾਰਾਂ ਦਾ ਭਵਿੱਖ ਅੱਜ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਜੰਗਲਰਾਜ’ ਤੋਂ ਸਭ ਤੋਂ ਵੱਧ ਪੀੜਤ ਮਾਵਾਂ, ਧੀਆਂ ਅਤੇ ਭੈਣਾਂ ਸਨ ਪਰ ਅੱਜ ਇੰਝ ਜਾਪਦਾ ਹੈ ਕਿ ਉਨ੍ਹਾਂ ‘ਜੰਗਲਰਾਜ’ ਦੀ ਵਾਪਸੀ ਨੂੰ ਰੋਕਣ ਲਈ ਪੋਲਿੰਗ ਬੂਥਾਂ ਦੇ ਆਲੇ-ਦੁਆਲੇ ਕਿਲੇਬੰਦੀ ਕਰ ਦਿੱਤੀ ਹੈ। ਐੱਨ ਡੀ ਏ ਨੂੰ ਉਮੀਦ ਹੈ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਰਿਕਾਰਡ, 125 ਯੂਨਿਟ ਮੁਫ਼ਤ ਬਿਜਲੀ ਦੇਣ ਤੇ ਇਕ ਕਰੋੜ ਤੋਂ ਵੱਧ ਔਰਤਾਂ ਦੇ ਖਾਤਿਆਂ ’ਚ 10-10 ਹਜ਼ਾਰ ਰੁਪਏ ਤਬਦੀਲ ਕਰਨ ਨਾਲ ਸੱਤਾ ਵਿਰੋਧੀ ਲਹਿਰ ਨੂੰ ਠੱਲ੍ਹ ਪਵੇਗੀ। ਵਿਰੋਧੀ ਧਿਰ ਨੇ ਭਾਜਪਾ ਦੀ ਅਗਵਾਈ ਹੇਠਲੇ ਗੱਠਜੋੜ ਦੇ ਦਾਅਵਿਆਂ ਨੂੰ ਨਕਾਰਦਿਆਂ ਆਸ ਜਤਾਈ ਕਿ ਲੋਕ ਬਦਲਾਅ ਲਈ ਵੋਟ ਪਾਉਣਗੇ। ਆਰ ਜੇ ਡੀ ਦੇ ਪ੍ਰਧਾਨ ਲਾਲੂ ਪ੍ਰਸਾਦ ਨੇ ਐਕਸ ’ਤੇ ਕਿਹਾ, ‘‘ਜੇ ਰੋਟੀ ਨੂੰ ਤਵੇ ਤੋਂ ਨਾ ਪਲਟਿਆ ਜਾਵੇ ਤਾਂ ਉਹ ਸੜ ਜਾਂਦੀ ਹੈ। ਵੀਹ ਸਾਲ ਬਹੁਤ ਲੰਮਾ ਸਮਾਂ ਹੈ। ਨਵੇਂ ਬਿਹਾਰ ਦੀ ਉਸਾਰੀ ਲਈ ਤੇਜਸਵੀ ਸਰਕਾਰ ਜ਼ਰੂਰੀ ਹੈ।’’
ਉਪ ਮੁੱਖ ਮੰਤਰੀ ਦੇ ਕਾਫ਼ਲੇ ਦੀ ਕਾਰ ’ਤੇ ਹਮਲਾ
ਲੱਖੀਸਰਾਏ ਤੋਂ ਲਗਾਤਾਰ ਚੌਥੀ ਵਾਰ ਚੋਣ ਲੜ ਰਹੇ ਉਪ ਮੁੱਖ ਮੰਤਰੀ ਵਿਜੇ ਕੁਮਾਰ ਸਿਨਹਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਾਫ਼ਲੇ ਦੀ ਇਕ ਕਾਰ ’ਤੇ ਆਰ ਜੇ ਡੀ ਦੇ ਸਮਰਥਕਾਂ ਨੇ ਹਮਲਾ ਕੀਤਾ ਤਾਂ ਜੋ ਅਤਿ ਪੱਛੜੇ ਵਰਗਾਂ ਨਾਲ ਸਬੰਧਤ ਵੋਟਰਾਂ ਨੂੰ ਡਰਾਇਆ ਜਾ ਸਕੇ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਡੀ ਜੀ ਪੀ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਮਾਮਲੇ ’ਚ ਤੁਰੰਤ ਕਾਰਵਾਈ ਕਰਨ।
ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ’ਚ ਲੈਣ ਅਤੇ ਵੋਟਰਾਂ ਨੂੰ ਡਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਧਰ, ਆਰ ਜੇ ਡੀ ਨੇ ਦੋਸ਼ ਲਾਇਆ ਕਿ ਜਿਹੜੇ ਇਲਾਕਿਆਂ ’ਚ ‘ਇੰਡੀਆ’ ਬਲਾਕ ਮਜ਼ਬੂਤ ਹੈ, ਉਥੇ ਜਾਣ-ਬੁੱਝ ਕੇ ਵੋਟਿੰਗ ਦੀ ਰਫ਼ਤਾਰ ਮੱਠੀ ਕਰ ਦਿੱਤੀ ਗਈ। ਚੋਣ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। -ਪੀਟੀਆਈ
ਚੋਣ ਕਮਿਸ਼ਨ ਨੇ ਸੀ ਸੀ ਟੀ ਵੀ ਰਾਹੀਂ ਰੱਖੀ ਨਜ਼ਰ
ਚੋਣ ਕਮਿਸ਼ਨ ਨੇ 45 ਹਜ਼ਾਰ ਤੋਂ ਵਧ ਪੋਲਿੰਗ ਸਟੇਸ਼ਨਾਂ ’ਤੇ ਚੱਲ ਰਹੀ ਵੋਟਿੰਗ ਦੀ ਸੀ ਸੀ ਟੀ ਵੀਜ਼ ਰਾਹੀਂ ਨਿਗਰਾਨੀ ਕੀਤੀ। ਪਹਿਲੀ ਵਾਰ ਸੂਬੇ ਦੇ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਕੈਮਰੇ ਲਗਾਏ ਗਏ ਸਨ। ਦਿੱਲੀ ਸਥਿਤ ਨਿਰਵਾਚਨ ਸਦਨ ਦੇ ਕੰਟਰੋਲ ਰੂਮ ’ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਚੋਣ ਕਮਿਸ਼ਨਰ ਐੱਸ ਐੱਸ ਸੰਧੂ ਤੇ ਵਿਵੇਕ ਜੋਸ਼ੀ ਸਰਗਰਮ ਸਨ। ਉਹ ਬਿਹਾਰ ਦੀਆਂ 121 ਸੀਟਾਂ ’ਤੇ ਹੋਈ ਪੋਲਿੰਗ ’ਤੇ ਅਧਿਕਾਰੀਆਂ ਨਾਲ ਮਿਲ ਕੇ ਨਜ਼ਰ ਰੱਖ ਰਹੇ ਸਨ। -ਪੀਟੀਆਈ
ਨਿਤੀਸ਼, ਤੇਜਸਵੀ, ਸਮਰਾਟ, ਲਾਲੂ ਨੇ ਪਾਈ ਵੋਟ
ਪਟਨਾ, 6 ਨਵੰਬਰ
ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ‘ਇੰਡੀਆ’ ਗੱਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਨੇ ਆਪੋ-ਆਪਣੀਆਂ ਵੋਟਾਂ ਪਾਈਆਂ। ਨਿਤੀਸ਼ ਕੁਮਾਰ ਨੇ ਆਪਣੇ ਗ੍ਰਹਿ ਨਗਰ ਬਖਤਿਆਰਪੁਰ ’ਚ ਵੋਟ ਪਾਉਣ ਮਗਰੋਂ ‘ਐਕਸ’ ’ਤੇ ਕਿਹਾ, ‘‘ਵੋਟਿੰਗ ਨਾ ਸਿਰਫ਼ ਹੱਕ ਹੈ ਸਗੋਂ ਇਹ ਲੋਕਤੰਤਰ ’ਚ ਨਾਗਰਿਕਾਂ ਦਾ ਫ਼ਰਜ਼ ਵੀ ਹੈ।’
ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਤਾਰਾਪੁਰ ’ਚ ਵੋਟ ਪਾਈ ਅਤੇ ਕਿਹਾ ਕਿ ਨਿਤੀਸ਼ ਕੁਮਾਰ ਦੇ ਕੀਤੇ ਕੰਮ ਜਾਰੀ ਰਹਿਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਵਿਕਾਸ ਲਈ ਵੋਟ ਪਾਉਣਾ ਚਾਹੀਦਾ ਹੈ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਲੱਖੀਸਰਾਏ ’ਚ ਵੋਟ ਪਾਉਣ ਮਗਰੋਂ ਬੁਰਕੇ ਵਾਲੀਆਂ ਮਹਿਲਾ ਵੋਟਰਾਂ ਦੀ ਚੈਕਿੰਗ ਨੂੰ ਜਾਇਜ਼ ਠਹਿਰਾਇਆ ਅਤੇ ਕਿਹਾ ਕਿ ਇਸ ਨਾਲ ‘ਵੋਟ ਚੋਰੀ’ ਨੂੰ ਰੋਕਿਆ ਜਾਵੇਗਾ।
ਉਨ੍ਹਾਂ ਕਿਹਾ, ‘‘ਇਹ ਧਰਮ ਦੇ ਆਧਾਰ ’ਤੇ ਕੋਈ ਪੱਖਪਾਤ ਨਹੀਂ ਹੈ। ਅਸੀਂ ਪਾਕਿਸਤਾਨ ’ਚ ਨਹੀਂ ਰਹਿ ਰਹੇ ਹਾਂ। ਨਾ ਹੀ ਬਿਹਾਰ ’ਚ ਤੇਜਸਵੀ ਯਾਦਵ ਦੀ ਸਰਕਾਰ ਬਣੇਗੀ ਅਤੇ ਨਾ ਹੀ ਸ਼ਰੀਆ ਕਾਨੂੰਨ ਲਾਗੂ ਹੋਵੇਗਾ।’’ ਤੇਜਸਵੀ ਯਾਦਵ ਨੇ ਪਿਤਾ ਅਤੇ ਆਰ ਜੇ ਡੀ ਸੁਪਰੀਮੋ ਲਾਲੂ ਪ੍ਰਸਾਦ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਪਟਨਾ ਦੇ ਵੈਟਰਨਰੀ ਕਾਲਜ ਦੇ ਬੂਥ ’ਤੇ ਵੋਟ ਭੁਗਤਾਈ। ਤੇਜਸਵੀ ਨੇ ਕਿਹਾ, ‘‘ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਨਵੀਂ ਸਰਕਾਰ ਬਣਾ ਕੇ ਬਿਹਾਰ ’ਚ ਤਬਦੀਲੀ ਲਿਆਉਣ।’’
ਉਨ੍ਹਾਂ ਦੀ ਮਾਂ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਵੀ ਲੋਕਾਂ ਨੂੰ ਤਬਦੀਲੀ ਲਈ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਆਪਣੇ ਪੁੱਤਰਾਂ ਤੇਜਸਵੀ ਅਤੇ ਤੇਜ ਪ੍ਰਤਾਪ ਦੀ ਚੋਣਾਂ ’ਚ ਸਫ਼ਲਤਾ ਦੀ ਕਾਮਨਾ ਕੀਤੀ। ਤੇਜਸਵੀ ਦੀ ਭੈਣ ਰੋਹਿਨੀ ਅਚਾਰੀਆ ਨੇ ਭਰੋਸਾ ਜਤਾਇਆ ਕਿ ਇਸ ਵਾਰ ਲੋਕ ‘ਡਬਲ ਇੰਜਣ ਸਰਕਾਰ’ ਨੂੰ ਜ਼ਰੂਰ ਹਰਾਉਣਗੇ। ਲਾਲੂ ਪ੍ਰਸਾਦ ਦੇ ਵੱਡੇ ਪੁੱਤਰ ਅਤੇ ਜਨਸ਼ਕਤੀ ਜਨਤਾ ਦਲ ਦੇ ਪ੍ਰਧਾਨ ਤੇਜ ਪ੍ਰਤਾਪ ਨੇ ਕਿਹਾ ਕਿ ਹਰ ਇਕ ਵੋਟ ਅਹਿਮ ਹੈ ਅਤੇ ਬਿਹਾਰ ਦੇ ਸਾਰੇ ਲੋਕਾਂ ਨੂੰ ਵੋਟ ਭੁਗਤਾਉਣੀ ਚਾਹੀਦੀ ਹੈ। ਤੇਜ ਪ੍ਰਤਾਪ ਮਹੂਆ ਸੀਟ ਤੋਂ ਚੋਣ ਲੜ ਰਿਹਾ ਹੈ। ਛਪਰਾ ਸੀਟ ਤੋਂ ਆਰ ਜੇ ਡੀ ਦੇ ਉਮੀਦਵਾਰ ਖੇਸਾਰੀ ਲਾਲ ਯਾਦਵ ਨੇ ਸਾਰਨ ਜ਼ਿਲ੍ਹੇ ਦੇ ਇਕਮਾ ’ਚ ਵੋਟ ਪਾਉਣ ਮਗਰੋਂ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਦੀ ਦੂਜੀ ਪਾਰੀ ਹੈ ਅਤੇ ਉਹ ਚਾਹੁੰਦੇ ਹਨ ਕਿ ਸਿਰਫ਼ ਰਾਮ ਮੰਦਰ ਹੀ ਨਹੀਂ ਸਗੋਂ ਲੋਕਾਂ ਦੀਆਂ ਸਾਰੀਆਂ ਜ਼ਰੂਰਤਾਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਅਲੀਨਗਰ ਤੋਂ ਭਾਜਪਾ ਉਮੀਦਵਾਰ ਅਤੇ ਗਾਇਕਾ ਮੈਥਿਲੀ ਠਾਕੁਰ ਨੇ ਕਿਹਾ ਕਿ ਜੇ ਉਹ ਚੋਣ ਜਿੱਤਦੀ ਹੈ ਤਾਂ ਉਹ ਹਲਕੇ ’ਚ ਕਲਚਰਲ ਸੈਂਟਰ, ਕੇਂਦਰੀ ਵਿਦਿਆਲਾ, ਡਿਗਰੀ ਕਾਲਜ ਅਤੇ ਪਿੰਡਾਂ ਦੀਆਂ ਸੜਕਾਂ ਬਣਵਾਉਣਾ ਚਾਹੇਗੀ। ਵਿਕਾਸਸ਼ੀਲ ਇਨਸਾਨ ਪਾਰਟੀ ਦੇ ਮੁਖੀ ਮੁਕੇਸ਼ ਸਹਾਨੀ, ਜੋ ਇੰਡੀਆ ਗੱਠਜੋੜ ਦੇ ਉਪ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵੀ ਹਨ, ਨੇ ਗੌਰਾ ਬੌਰਾਮ ’ਚ ਪਰਿਵਾਰ ਨਾਲ ਵੋਟ ਪਾਈ। ਰਾਸ਼ਟਰੀ ਲੋਕ ਮੋਰਚਾ ਦੇ ਮੁਖੀ ਅਤੇ ਰਾਜ ਸਭਾ ਮੈਂਬਰ ਉਪੇਂਦਰ ਕੁਸ਼ਵਾਹਾ ਨੇ ਵੈਸ਼ਾਲੀ ’ਚ ਵੋਟ ਭੁਗਤੀ। -ਪੀਟੀਆਈ
