ਬਿਹਾਰ ਚੋਣਾਂ: ਭਾਜਪਾ ਦੇ ਦਬਾਅ ਹੇਠ 3 ਉਮੀਦਵਾਰਾਂ ਨੇ ਨਾਮਜ਼ਦਗੀ ਵਾਪਸ ਲਈ: ਪ੍ਰਸ਼ਾਂਤ ਕਿਸ਼ੋਰ
ਚੋਣ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਬਿਹਾਰ ਚੋਣਾਂ ਵਿੱਚ ਉਨ੍ਹਾਂ ਦੀ ਜਨ ਸੁਰਾਜ ਪਾਰਟੀ ਦੇ ਤਿੰਨ ਉਮੀਦਵਾਰਾਂ ਨੇ ਭਾਜਪਾ ਦੇ ਦਬਾਅ ਹੇਠ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਹਨ। ਇੱਕ ਪ੍ਰੈੱਸ ਕਾਨਫਰੰਸ ਨੂੰ...
Advertisement
ਚੋਣ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਬਿਹਾਰ ਚੋਣਾਂ ਵਿੱਚ ਉਨ੍ਹਾਂ ਦੀ ਜਨ ਸੁਰਾਜ ਪਾਰਟੀ ਦੇ ਤਿੰਨ ਉਮੀਦਵਾਰਾਂ ਨੇ ਭਾਜਪਾ ਦੇ ਦਬਾਅ ਹੇਠ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਹਨ।
ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸ਼ੋਰ ਨੇ ਦੋਸ਼ ਲਾਇਆ ਕਿ ਸੱਤਾਧਾਰੀ ਐੱਨਡੀਏ ਚੋਣਾਂ ਹਾਰਨ ਤੋਂ ਇੰਨੀ ਡਰੀ ਹੋਈ ਹੈ ਕਿ ਉਹ ਵਿਰੋਧੀ ਉਮੀਦਵਾਰਾਂ ਨੂੰ ਦੌੜ ਵਿੱਚੋਂ ਹਟਣ ਲਈ ਧਮਕਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ, ''ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਅਜਿਹੀ ਕੋਈ ਮਿਸਾਲ ਨਹੀਂ ਹੈ'' ਅਤੇ ਚੋਣ ਕਮਿਸ਼ਨ ਨੂੰ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਚੋਣਾਂ ਵਿੱਚੋਂ ਹਟ ਗਏ ਹਨ ਉਹ ਦਾਨਾਪੁਰ, ਬ੍ਰਹਮਪੁਰ ਅਤੇ ਗੋਪਾਲਗੰਜ ਸੀਟਾਂ ਤੋਂ ਮੈਦਾਨ ਵਿੱਚ ਉਤਾਰੇ ਗਏ ਸਨ।
ਉਨ੍ਹਾਂ ਅੱਗੇ ਕਿਹਾ, ''ਭਾਜਪਾ ਸੂਰਤ ਮਾਡਲ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਵਿੱਚ ਉਨ੍ਹਾਂ ਦਾ ਉਮੀਦਵਾਰ ਬਿਨਾਂ ਮੁਕਾਬਲੇ ਚੁਣਿਆ ਗਿਆ ਸੀ, ਕਿਉਂਕਿ ਬਾਕੀ ਸਾਰੇ ਨਾਮਜ਼ਦਗੀ ਪੱਤਰ ਵਾਪਸ ਲੈਣ ਲਈ ਮਜਬੂਰ ਹੋ ਗਏ ਸਨ। ਭਾਜਪਾ ਨੂੰ ਇਹ ਅਹਿਸਾਸ ਨਹੀਂ ਹੈ ਕਿ ਵੋਟਰਾਂ ਨੇ ਇਸ ਦੇ ਲਈ ਦੇਸ਼ ਭਰ ਵਿੱਚ ਉਨ੍ਹਾਂ ਨੂੰ ਸਜ਼ਾ ਦਿੱਤੀ ਸੀ ਅਤੇ ਉਹ ਸਿਰਫ 240 ਸੀਟਾਂ ਜਿੱਤ ਸਕੇ ਸਨ।''
ਕਿਸ਼ੋਰ ਦੀ ਪਾਰਟੀ ਨੇ ਬਿਹਾਰ ਦੀਆਂ ਸਾਰੀਆਂ 243 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਤਿੰਨ ਉਮੀਦਵਾਰਾਂ ਦੇ ਦੌੜ ਵਿੱਚੋਂ ਹਟਣ ਨਾਲ, ਇਹ ਹੁਣ 240 ਸੀਟਾਂ ਤੇ ਚੋਣ ਲੜੇਗੀ ਕਿਉਂਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਪਹਿਲਾਂ ਹੀ ਲੰਘ ਚੁੱਕੀ ਹੈ।
Advertisement