ਬਿਹਾਰ: ਚੋਣ ਕਮਿਸ਼ਨ ਵੱਲੋਂ ਸਖ਼ਤੀ ਦੇ ਨਿਰਦੇਸ਼
ਚੋਣ ਕਮਿਸ਼ਨ ਨੇ ਐਨਫੋਰਸਮੈਂਟ ਏਜੰਸੀਆਂ ਅਤੇ ਸੁਰੱਖਿਆ ਬਲਾਂ ਨੂੰ ਬਿਹਾਰ ਚੋਣਾਂ ਦੌਰਾਨ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਨਸ਼ੀਲੇ ਪਦਾਰਥਾਂ, ਸ਼ਰਾਬ ਤੇ ਨਕਦੀ ਦਾ ਇਸਤੇਮਾਲ ਨਾ ਹੋਵੇ। ਕਮਿਸ਼ਨ ਨੇ ਕਿਹਾ ਕਿ ਇਹ ਮੀਟਿੰਗ ਚੋਣਾਂ ਵਿੱਚ ਨਕਦੀ ਤੇ ਹੋਰ ਵਸਤਾਂ ਦੇ ਲਾਲਚ ਦੇ ਨੁਕਸਾਨਦਾਇਕ ਪ੍ਰਭਾਵਾਂ ਤੋਂ ਨਜਿੱਠਣ ਲਈ ਵਿਆਪਕ ਰੂੂਪਰੇਖਾ ਉਲੀਕਣ ਲਈ ਕੀਤੀ ਗਈ ਸੀ।
ਵੱਖ-ਵੱਖ ਏਜੰਸੀਆਂ ਨੇ ਕਮਿਸ਼ਨ ਨੂੰ ਆਪਣੀਆਂ ਤਿਆਰੀਆਂ, ਲਾਲਚ ਮੁਕਤ ਚੋਣਾਂ ਯਕੀਨੀ ਬਣਾਉਣ ਲਈ ਕੀਤੇ ਉਪਾਵਾਂ ਅਤੇ ਤਜਵੀਜ਼ਤ ਕਦਮਾਂ ਬਾਰੇ ਜਾਣਕਾਰੀ ਦਿੱਤੀ। ਚੋਣ ਕਮਿਸ਼ਨ ਨੇ ਕਿਹਾ ਕਿ ਮੀਟਿੰਗ ਦੌਰਾਨ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਨਕਦੀ ਅਤੇ ਹੋਰ ਵਸਤਾਂ ਦੇ ਲਾਲਚ ਦੇ ਇਸਤੇਮਾਲ ’ਤੇ ਰੋਕ ਲਗਾਉਣ ਨਾਲ ਸਬੰਧਿਤ ਕਈ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਪ੍ਰਭਾਵੀ ਕਾਰਵਾਈ ਲਈ ਕਾਨੂੰਨ ਐਨਫੋਰਸਮੈਂਟ ਏਜੰਸੀਆਂ ਵਿਚਾਲੇ ਆਰਥਿਕ ਅਪਰਾਧਾਂ ਦੀ ਖੁਫੀਆ ਜਾਣਕਾਰੀ ਦਾ ਲੈਣ-ਦੇਣ ਅਤੇ ਸਹਿਯੋਗ ਹੋਣਾ ਚਾਹੀਦਾ ਹੈ। ਕਮਿਸ਼ਨ ਨੇ ਕੌਮੀ, ਸੂਬਾਈ ਅਤੇ ਜ਼ਿਲ੍ਹਾ ਪੱਧਰੀ ਹਰੇਕ ਏਜੰਸੀ ਦੇ ਅੰਦਰ ਅੰਤਰ-ਏਜੰਸੀ ਤਾਲਮੇਲ ’ਤੇ ਜ਼ੋਰ ਦਿੱਤਾ।
ਕਮਿਸ਼ਨ ਨੇ ਸਬੰਧਿਤ ਏਜੰਸੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਚੋਣ ਖੇਤਰਾਂ ਵਿੱਚ ਸਖ਼ਤ ਨਿਗਰਾਨੀ ਕਰਨ ਤਾਂ ਜੋ ਤਸਕਰੀ ਵਾਲੀਆਂ ਵਸਤਾਂ, ਨਸ਼ੀਲੇ ਪਦਾਰਥ, ਸ਼ਰਾਬ ਅਤੇ ਨਕਦੀ ਦੀ ਆਵਾਜਾਈ, ਅੰਤਰ-ਰਾਜੀ ਹੱਦਾਂ ਅਤੇ ਕੌਮਾਂਤਰੀ ਸਰਹੱਦਾਂ ਦੀ ਜਾਂਚ ਕੀਤੀ ਜਾ ਸਕੇ।