Bihar Election: ਆਮ ਆਦਮੀ ਪਾਰਟੀ ਵੱਲੋਂ ਬਿਹਾਰ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ
ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਬਿਹਾਰ ਵਿਧਾਨ ਸਭਾ ਦੀਆਂ ਸਾਰੀਆਂ 243 ਸੀਟਾਂ ’ਤੇ ਚੋਣ ਲੜਨ ਦਾ ਐਲਾਨ ਕਰਦਿਆਂ ਸੂਬੇ ਵਿੱਚ ਆਪਣੇ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਸੂਬਾ ਇੰਚਾਰਜ ਅਜੇਸ਼ ਯਾਦਵ ਨੇ ਕਿਹਾ ਕਿ ਪਾਰਟੀ ਨੂੰ ਦਿੱਲੀ ਅਤੇ ਪੰਜਾਬ ਵਿੱਚ ਆਪਣੀ ਸਰਕਾਰ ਦੇ ਮਾਡਲ ਨੂੰ ਬਿਹਾਰ ਵਿੱਚ ਵੀ ਦੁਹਰਾਉਣ ਦਾ ਭਰੋਸਾ ਹੈ।
ਉਨ੍ਹਾਂ ਕਿਹਾ, "ਸਾਡੇ ਕੋਲ ਵਿਕਾਸ ਅਤੇ ਪ੍ਰਸ਼ਾਸਨ ਦਾ ਇੱਕ ਪ੍ਰਵਾਨਿਤ ਮਾਡਲ ਹੈ। ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਕੰਮ ਦੀ ਚਰਚਾ ਦੇਸ਼ ਭਰ ਵਿੱਚ ਹੋ ਰਹੀ ਹੈ। ਪੂਰਵਾਂਚਲ ਖੇਤਰ ਦੇ ਲੋਕਾਂ ਨੇ ਦਿੱਲੀ ਵਿੱਚ ਸਾਡੀ ਜਿੱਤ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ।" ਉਨ੍ਹਾਂ ਅੱਗੇ ਕਿਹਾ, "ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜੇ ਉਹ ਦਿੱਲੀ ਵਿੱਚ ਸਰਕਾਰ ਬਣਾਉਣ ਵਿੱਚ ਸਾਡੀ ਮਦਦ ਕਰ ਸਕਦੇ ਹਨ ਤਾਂ ਬਿਹਾਰ ਵਿੱਚ ਕਿਉਂ ਨਹੀਂ?" ਪਾਰਟੀ ਨੇ ਬੇਗੂਸਰਾਏ ਤੋਂ ਮੀਰਾ ਸਿੰਘ, ਪੂਰਨੀਆ ਜ਼ਿਲ੍ਹੇ ਦੀ ਕਸਬਾ ਸੀਟ ਤੋਂ ਭਾਨੂ ਭਾਰਤੀ, ਪਟਨਾ ਦੀ ਫੁਲਵਾਰੀ ਸੀਟ ਤੋਂ ਅਰੁਣ ਕੁਮਾਰ ਰਾਜਕ, ਪਟਨਾ ਦੇ ਬਾਂਕੀਪੁਰ ਤੋਂ ਪੰਕਜ ਕੁਮਾਰ, ਮੋਤੀਹਾਰੀ ਦੇ ਗੋਵਿੰਦਗੰਜ ਤੋਂ ਅਸ਼ੋਕ ਕੁਮਾਰ ਸਿੰਘ ਅਤੇ ਬਕਸਰ ਸੀਟ ਤੋਂ ਸੇਵਾਮੁਕਤ ਕੈਪਟਨ ਧਰਮਰਾਜ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ। ਯਾਦਵ ਨੇ ਦੱਸਿਆ ਕਿ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ। ‘ਆਪ’ ਦੇ ਸੂਬਾਈ ਸਹਿ-ਇੰਚਾਰਜ ਅਭਿਨਵ ਰਾਏ ਨੇ ਮੌਜੂਦਾ ਸਿਆਸੀ ਧੜਿਆਂ ਨਾਲ ਕਿਸੇ ਵੀ ਗੱਠਜੋੜ ਤੋਂ ਇਨਕਾਰ ਕਰ ਦਿੱਤਾ ਹੈ।