ਬਿਹਾਰ: ਭਾਜਪਾ ਤੇ ਜਨਤਾ ਦਲ (ਯੂ) 101-101 ਸੀਟਾਂ ’ਤੇ ਲੜਨਗੇ ਚੋਣ
ਕੌਮੀ ਜਮਹੂਰੀ ਗੱਠਜੋੜ (ਐੱਨ ਡੀ ਏ) ਨੇ ਬਿਹਾਰ ਵਿਧਾਨ ਸਭਾ ਚੋਣਾਂ (243 ਸੀਟਾਂ) ਲਈ ਅੱਜ ਸੀਟਾਂ ਦੀ ਵੰਡ ਦਾ ਐਲਾਨ ਕਰ ਦਿੱਤਾ। ਭਾਜਪਾ ਅਤੇ ਜਨਤਾ ਦਲ (ਯੂ) 101-101 ਸੀਟਾਂ ’ਤੇ ਚੋਣ ਲੜਨਗੇ। ਕੇਂਦਰੀ ਮੰਤਰੀ ਚਿਰਾਗ ਪਾਸਵਾਨ ਦੀ ਅਗਵਾਈ ਹੇਠਲੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੂੰ 29 ਸੀਟਾਂ ਮਿਲੀਆਂ ਹਨ। ਭਾਜਪਾ ਦੇ ਬਿਹਾਰ ਚੋਣਾਂ ਦੇ ਇੰਚਾਰਜ ਧਰਮੇਂਦਰ ਪ੍ਰਧਾਨ ਨੇ ਐਲਾਨ ਕੀਤਾ ਕਿ ਇਕ ਹੋਰ ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਦੀ ਅਗਵਾਈ ਹੇਠਲੇ ਹਿੰਦੁਸਤਾਨੀ ਅਵਾਮ ਮੋਰਚਾ (ਸੈਕੁਲਰ) ਅਤੇ ਉਪੇਂਦਰ ਕੁਸ਼ਵਾਹਾ ਦੀ ਅਗਵਾਈ ਹੇਠਲੇ ਰਾਸ਼ਟਰੀ ਲੋਕ ਮੋਰਚਾ ਨੂੰ 6-6 ਸੀਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ‘ਐਕਸ’ ’ਤੇ ਦਾਅਵਾ ਕੀਤਾ ਕਿ ਐੱਨ ਡੀ ਏ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਦਾ ਅਮਲ ਸੁਖਾਵੇਂ ਢੰਗ ਨਾਲ ਨੇਪਰੇ ਚੜ੍ਹਿਆ। ਉਨ੍ਹਾਂ ਕਿਹਾ, ‘‘ਐੱਨ ਡੀ ਏ ਦੀਆਂ ਸਾਰੀਆਂ ਧਿਰਾਂ ਦੇ ਆਗੂਆਂ ਅਤੇ ਵਰਕਰਾਂ ਨੇ ਖੁਸ਼ੀ ਖੁਸ਼ੀ ਸੀਟਾਂ ਦੀ ਵੰਡ ਦਾ ਸਵਾਗਤ ਕੀਤਾ ਹੈ। ਬਿਹਾਰ ’ਚ ਇਕ ਵਾਰ ਫਿਰ ਐੱਨ ਡੀ ਏ ਦੀ ਸਰਕਾਰ ਬਣਨ ਜਾ ਰਹੀ ਹੈ।’’ ਜ਼ਿਕਰਯੋਗ ਹੈ ਕਿ ਚਿਰਾਗ, ਮਾਂਝੀ ਅਤੇ ਕੁਸ਼ਵਾਹਾ ਜ਼ਿਆਦਾ ਸੀਟਾਂ ਦੀ ਮੰਗ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਮਨਾਉਣ ਲਈ ਭਾਜਪਾ ਨੂੰ ਪਾਪੜ ਵੇਲਣੇ ਪਏ ਸਨ। ਸੀਟਾਂ ਦੀ ਵੰਡ ਤੋਂ ਨਾਰਾਜ਼ ਮੰਨੇ ਜਾ ਰਹੇ ਮਾਂਝੀ ਨੇ ‘ਐਕਸ’ ’ਤੇ ਪਟਨਾ ਪਰਤਣ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਹ ਆਪਣੇ ਆਖਰੀ ਸਾਹ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਰਹਿਣਗੇ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੀ ਜਨਤਾ ਦਲ (ਯੂ) ਨੇ 2020 ’ਚ 115 ਅਤੇ ਭਾਜਪਾ ਨੇ 110 ਸੀਟਾਂ ’ਤੇ ਚੋਣ ਲੜੀ ਸੀ ਜਦਕਿ ਪਾਸਵਾਨ ਨੇ ਵੱਖਰੇ ਤੌਰ ’ਤੇ ਆਪਣੇ ਉਮੀਦਵਾਰ ਮੈਦਾਨ ’ਚ ਉਤਾਰੇ ਸਨ। ਇਹ ਪਹਿਲੀ ਵਾਰ ਹੈ ਜਦੋਂ ਜਨਤਾ ਦਲ (ਯੂ) ਵਿਧਾਨ ਸਭਾ ਚੋਣਾਂ ’ਚ ਭਾਜਪਾ ਤੋਂ ਵੱਧ ਸੀਟਾਂ ’ਤੇ ਚੋਣ ਨਹੀਂ ਲੜ ਰਿਹਾ ਹੈ।
ਮੋਦੀ ਵੱਲੋਂ ਬਿਹਾਰ ਦੇ ਭਾਜਪਾ ਵਰਕਰਾਂ ਨਾਲ ਚਰਚਾ 15 ਨੂੰ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਕੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦਾ ਆਗ਼ਾਜ਼ ਕਰਨਗੇ। ‘ਐਕਸ’ ’ਤੇ ਪਾਈ ਇਕ ਪੋਸਟ ’ਚ ਮੋਦੀ ਨੇ ਕਿਹਾ ਕਿ ਉਹ ‘ਮੇਰਾ ਬੂਥ, ਸਬਸੇ ਮਜ਼ਬੂਤ’ ਮੁਹਿੰਮ ਤਹਿਤ 15 ਅਕਤੂਬਰ ਨੂੰ ਭਾਜਪਾ ਵਰਕਰਾਂ ਨਾਲ ਸਿੱਧੇ ਗੱਲਬਾਤ ਕਰਨਗੇ। ਮੋਦੀ ਨੇ ਕਿਹਾ ਕਿ ਬਿਹਾਰ ’ਚ ਭਾਜਪਾ-ਐੱਨ ਡੀ ਏ ਦੀ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਦੇ ਸਮਰਪਿਤ ਵਰਕਰ ਪੂਰੇ ਜੋਸ਼ ਨਾਲ ਕੰਮ ਕਰ ਰਹੇ ਹਨ। ਮੋਦੀ ਨੇ ਕਿਹਾ ਕਿ ਸਖ਼ਤ ਮਿਹਨਤ ਕਰਨ ਵਾਲੇ ਵਰਕਰਾਂ ਨਾਲ ਉਨ੍ਹਾਂ ਨੂੰ ਸਿੱਧੀ ਗੱਲਬਾਤ ਕਰਨ ਦਾ ਮੌਕਾ ਮਿਲ ਰਿਹਾ ਹੈ। -ਪੀਟੀਆਈ