ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭੋਪਾਲ ਗੈਸ ਕਾਂਡ: ਚਾਰ ਦਹਾਕਿਆਂ ਮਗਰੋਂ ਜ਼ਹਿਰੀਲੇ ਕਚਰੇ ਤੋਂ ਮਿਲੇਗੀ ਮੁਕਤੀ

ਹਾਈ ਕੋਰਟ ਦੇ ਹੁਕਮਾਂ ਮਗਰੋਂ 337 ਟਨ ਰਹਿੰਦ-ਖੂੰਹਦ ਦੀ ਪੈਕਿੰਗ ਦਾ ਅਮਲ ਸ਼ੁਰੂ
Advertisement

ਭੋਪਾਲ, 1 ਜਨਵਰੀ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਗੈਸ ਲੀਕ ਕਾਂਡ ਦੇ ਚਾਰ ਦਹਾਕਿਆਂ ਮਗਰੋਂ ਵਿਵਾਦਤ ਯੂਨੀਅਨ ਕਾਰਬਾਈਡ ਫੈਕਟਰੀ ਵਿੱਚੋਂ ਜ਼ਹਿਰੀਲਾ ਕਚਰਾ ਚੁੱਕਿਆ ਜਾ ਰਿਹਾ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਦੇ ਇੱਕ ਮਹੀਨੇ ਅੰਦਰ ਜ਼ਹਿਰੀਲਾ ਕਚਰਾ ਹਟਾਉਣ ਦੇ ਆਦੇਸ਼ਾਂ ਮਗਰੋਂ ਪ੍ਰਸ਼ਾਸਨ ਨੇ ਪੂਰੇ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਸੂਬੇ ਦੀ ਰਾਜਧਾਨੀ ਵਿੱਚੋਂ ਇਸ ਰਹਿੰਦ-ਖੂੰਹਦ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਸਾਰਾ ਅਮਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ। ‘ਭੋਪਾਲ ਗੈਸ ਕਾਂਡ’ ਨੂੰ ਦੁਨੀਆ ਦੀ ਸਭ ਤੋਂ ਭੈੜੀ ਉਦਯੋਗਿਕ ਤਰਾਸਦੀ ਮੰਨਿਆ ਜਾਂਦਾ ਹੈ। ਇਹ ਦੁਖਾਂਤ 1984 ਵਿੱਚ 2 ਤੇ 3 ਦਸੰਬਰ ਦੀ ਦਰਮਿਆਨੀ ਰਾਤ ਨੂੰ ਯੂਨੀਅਨ ਕਾਰਬਾਈਡ ਇੰਡੀਆ ਲਿਮਟਡ ਦੇ ਇੱਕ ਪਲਾਂਟ ਵਿੱਚੋਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਵਾਪਰਿਆ ਸੀ ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ।

Advertisement

ਇਸ ਦੁਖਾਂਤ ਦੇ 40 ਸਾਲਾਂ ਮਗਰੋਂ 337 ਟਨ ਜ਼ਹਿਰੀਲਾ ਕਚਰਾ ਪੂਰੇ ਸੁਰੱਖਿਆ ਪ੍ਰਬੰਧਾਂ ਹੇਠ ਫੈਕਟਰੀ ਤੋਂ ਧਾਰ ਜ਼ਿਲ੍ਹੇ ਦੇ ਪੀਥਮਪੁਰ ਵਿੱਚ ਭੇਜਿਆ ਜਾਵੇਗਾ। ਇਸ ਕਚਰੇ ਨੂੰ ਹਵਾ ਰਹਿਤ ਕੰਟੇਨਰਾਂ ਵਿੱਚ ਲੋਡ ਕੀਤਾ ਜਾ ਰਿਹਾ ਹੈ। ਭੋਪਾਲ ਗੈਸ ਰਾਹਤ ਤੇ ਮੁੜ-ਵਸੇਬਾ ਡਾਇਰੈਕਟੋਰੇਟ ਦੇ ਡਾਇਰੈਕਟਰ ਸਵਤੰਤਰ ਪ੍ਰਤਾਪ ਸਿੰਘ ਨੇ ਦੱਸਿਆ, ‘‘ਮੱਧ ਪ੍ਰਦੇਸ਼ ਹਾਈ ਕੋਰਟ ਜਬਲਪੁਰ ਦੀ ਮੁੱਖ ਬੈਂਚ ਦੇ 3 ਦਸੰਬਰ ਦੇ ਹੁਕਮਾਂ ਮੁਤਾਬਕ ਯੂਨੀਅਨ ਕਾਰਬਾਈਡ ਫੈਕਟਰੀ ਵਿੱਚ ਪਏ 337 ਟਨ ਜ਼ਹਿਰੀਲੇ ਕਚਰੇ ਨੂੰ ਨਿਪਟਾਇਆ ਜਾ ਰਿਹਾ ਹੈ। ਹੁਕਮਾਂ ਵਿੱਚ ਇਸ ਕਚਰੇ ਦਾ ਨਿਬੇੜਾ ਚਾਰ ਹਫ਼ਤਿਆਂ ਅੰਦਰ ਪੀਥਮਪੁਰ ਵਿੱਚ ਕੀਤੇ ਜਾਣ ਦਾ ਨਿਰਦੇਸ਼ ਦਿੱਤਾ ਗਿਆ ਗਿਆ ਸੀ।’’ -ਏਐਨਆਈ

ਮਨੁੱਖੀ ਅਧਿਕਾਰ ਕਾਰਕੁਨ ਨੇ ਜ਼ਹਿਰੀਲੇ ਕਚਰੇ ਦੇ ਨਿਪਟਾਰੇ ’ਤੇ ਸਵਾਲ ਚੁੱਕੇ

ਭੋਪਾਲ ਗੈਸ ਲੀਕ ਕਾਂਡ ਵਿੱਚ ਬਚੇ ਲੋਕਾਂ ਲਈ ਕੰਮ ਕਰਨ ਵਾਲੀ ਕਾਰਕੁਨ ਰਚਨਾ ਢੀਂਗਰਾ ਨੇ ਦੋਸ਼ ਲਾਇਆ ਕਿ 337 ਮੀਟਰ ਟਨ ਕੁੱਲ ਜ਼ਹਿਰੀਲੇ ਕਚਰੇ ਦਾ ਸਿਰਫ਼ ਇੱਕ ਫੀਸਦ ਹੈ ਅਤੇ ਭੋਪਾਲ ਦੀਆਂ ਲਗਪਗ 40 ਬਸਤੀਆਂ ਦੇ ਜ਼ਮੀਨਦੋਜ਼ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੀ ਰਹਿੰਦ-ਖੂਹੰਦ ਅਜੇ ਵੀ ਫੈਕਟਰੀ ਅੰਦਰ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਸ ਰਹਿੰਦ-ਖੂਹੰਦ ਨੂੰ ਪੀਥਮਪੁਰ ਲਿਜਾਣ ਤੇ ਇਸ ਨੂੰ ਨਸ਼ਟ ਕਰਨ ਵਿੱਚ ਸਾਲ-ਛੇ ਮਹੀਨੇ ਲੱਗਣਗੇ। ਇਸ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਸੌਖਾ ਤਰੀਕਾ ਇਹੀ ਸੀ ਕਿ ਵਿਦੇਸ਼ੀ ਕੰਪਨੀ (ਡਾਊ ਕੈਮੀਕਲਜ਼) ਨੂੰ ਮਜਬੂਰ ਕੀਤਾ ਜਾਂਦਾ ਕਿ ਉਹ ਇਹ ਰਹਿੰਦ-ਖੂਹੰਦ ਆਪਣੇ ਦੇਸ਼ ਲਿਜਾਵੇ ਤਾਂ ਜੋ ਇਸ ਦਾ ਅਸਰ ਭੋਪਾਲ ਜਾਂ ਪੀਥਮਪੁਰ ’ਤੇ ਨਾ ਪਵੇ।

Advertisement