ਭਾਗਵਤ ਵੱਲੋਂ ਭਾਜਪਾ ਨੂੰ ਆਰਐੱਸਐੱਸ ਅਧੀਨ ਕਰਨ ਦੇ ਦਾਅਵੇ ਰੱਦ
ਭਾਜਪਾ ਨਾਲ ਸਬੰਧਾਂ ਅਤੇ ਇਸ ਧਾਰਨਾ ਬਾਰੇ ਸਵਾਲਾਂ ਦੇ ਜਵਾਬ ਵਿੱਚ ਕਿ ਸੰਘ ਆਪਣੇ ਸੰਗਠਨਾਂ ਨਾਲ ਸਬੰਧਤ ਹਰ ਚੀਜ਼ ਦਾ ਫ਼ੈਸਲਾ ਕਰਦਾ ਹੈ, ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਅੱਜ ਇੱਥੇ ਕਿਹਾ ਕਿ ਆਰਐੱਸਐੱਸ ਇਨ੍ਹਾਂ ਚੀਜ਼ਾਂ ਦਾ ਫ਼ੈਸਲਾ ਨਹੀਂ ਕਰਦਾ। ਭਾਗਵਤ ਨੇ ਨਵੇਂ ਭਾਜਪਾ ਪ੍ਰਧਾਨ ਦੀ ਚੋਣ ਵਿੱਚ ਦੇਰੀ ਬਾਰੇ ਸਵਾਲਾਂ ਦੇ ਜਵਾਬ ਵਿੱਚ ਕਿਹਾ, ‘‘ਇਹ ਕਹਿਣਾ ਕਿ ਆਰਐੱਸਐੱਸ ਹਰ ਫ਼ੈਸਲਾ ਕਰਦਾ ਹੈ ਪੂਰੀ ਤਰ੍ਹਾਂ ਗਲਤ ਹੈ... ਜੇ ਅਸੀਂ ਫ਼ੈਸਲਾ ਕਰ ਰਹੇ ਹੁੰਦੇ, ਤਾਂ ਕੀ ਇਸ ਵਿੱਚ ਇੰਨਾ ਸਮਾਂ ਲੱਗਦਾ?’’ ਉਨ੍ਹਾਂ ਭਾਜਪਾ ਨੂੰ ਸੁਨੇਹਾ ਦਿੰਦਿਆਂ ਕਿਹਾ, ‘‘ਆਪਣਾ ਸਮਾਂ ਲਓ। ਸਾਡੇ ਕੋਲ ਕਹਿਣ ਲਈ ਕੁਝ ਨਹੀਂ ਹੈ।’’
ਭਾਗਵਤ ਨੇ ਇਹ ਵੀ ਕਿਹਾ ਕਿ ਆਰਐੱਸਐੱਸ ਦਾ ਆਪਣੇ ਕਿਸੇ ਵੀ ਸੰਗਠਨ ਨਾਲ ਕੋਈ ਝਗੜਾ ਨਹੀਂ ਹੈ ਕਿਉਂਕਿ ਸਾਰੇ ‘ਰਾਸ਼ਟਰ ਪਹਿਲਾਂ’ ਦੇ ਟੀਚੇ ਤਹਿਤ ਚਲਾਏ ਜਾਂਦੇ ਸਨ।
ਉਨ੍ਹਾਂ ਕਿਹਾ, ‘‘ਸਾਡਾ ਕੇਂਦਰ ਅਤੇ ਰਾਜਾਂ ਦੀਆਂ ਸਾਰੀਆਂ ਸਰਕਾਰਾਂ ਨਾਲ ਚੰਗਾ ਤਾਲਮੇਲ ਹੈ ਪਰ ਪ੍ਰਣਾਲੀਆਂ ਵਿੱਚ ਕਈ ਵਾਰ ਅੰਦਰੂਨੀ ਵਿਰੋਧਤਾਈਆਂ ਹੁੰਦੀਆਂ ਹਨ। ਭਾਵੇਂ ਕੁਰਸੀ ’ਤੇ ਬੈਠਾ ਵਿਅਕਤੀ ਸਾਡੇ ਨਾਲ 100 ਫ਼ੀਸਦੀ ਹੈ ਪਰ ਉਸ ਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ, ਸਾਨੂੰ ਉਸ ਨੂੰ ਆਜ਼ਾਦੀ ਦੇਣੀ ਪਵੇਗੀ। ਕਿਤੇ ਵੀ ਕੋਈ ਗਿਲਾ-ਸ਼ਿਕਵਾ ਨਹੀਂ ਹੈ।’’
ਭਾਗਵਤ ਨੇ ਕਿਹਾ ਕਿ ਕਈ ਵਾਰ ਝਗੜੇ ਦੀ ਦਿੱਖ ਹੋ ਸਕਦੀ ਹੈ।
ਉਨ੍ਹਾਂ ਭਾਜਪਾ ਨਾਲ ਤਣਾਅ ਦੀਆਂ ਗੱਲਾਂ ਨੂੰ ਖਾਰਜ ਕਰਦਿਆਂ ਕਿਹਾ, “ਸਾਡੇ ਵਿਚਾਰਾਂ ਵਿੱਚ ਮਤਭੇਦ ਹੋ ਸਕਦੇ ਹਨ, ਪਰ ਸਾਡੇ ਦਿਲ ਵਿੱਚ ਕਦੇ ਵੀ ਮਤਭੇਦ ਨਹੀਂ ਹੁੰਦੇ।’’ ਉਨ੍ਹਾਂ ਕਿਹਾ ਕਿ ਆਰਐੱਸਐੱਸ ਅਤੇ ਇਸ ਦੇ ਸੰਗਠਨ ‘ਰਾਸ਼ਟਰ ਪਹਿਲਾਂ’ ਦੀ ਨੀਤੀ ਕੰਮ ਕਰਦੇ ਹਨ ਅਤੇ ਇਸ ਲਈ ਮਤਭੇਦ ਸੁਲਝਾਏ ਗਏ ਸਨ। ਉਨ੍ਹਾਂ ਕਿਹਾ, “ਮਤਭੇਦ ਵਿਚਾਰਧਾਰਾਵਾਂ ਤੋਂ ਪੈਦਾ ਹੁੰਦੇ ਹਨ। ਸਾਡੇ ਵਿਚਾਰਾਂ ਵਿੱਚ ਕੁਝ ਮਤਭੇਦ ਹੋ ਸਕਦੇ ਹਨ, ਪਰ ਇਰਾਦੇ ਵਿੱਚ ਕੋਈ ਮਤਭੇਦ ਨਹੀਂ ਹਨ।’’
ਇਸ ਸਵਾਲ ’ਤੇ ਕਿ ਕੀ ਆਰਐੱਸਐੱਸ ਆਪਣੇ ਸੰਗਠਨਾਂ ਲਈ ਸਭ ਕੁਝ ਫ਼ੈਸਲਾ ਲੈਂਦਾ ਹੈ, ਭਾਗਵਤ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਕਿਹਾ, ‘‘ਇਹ ਕਦੇ ਨਹੀਂ ਹੋ ਸਕਦਾ। ਮੈਂ ਸ਼ਾਖਾਵਾਂ ਚਲਾਉਂਦਾ ਹਾਂ; ਮੈਂ ਉੱਥੇ ਇੱਕ ਮਾਹਰ ਹਾਂ। ਉਹ (ਭਾਜਪਾ) ਸਰਕਾਰ ਚਲਾਉਂਦੇ ਹਨ; ਇਹ ਉਨ੍ਹਾਂ ਦੀ ਮੁਹਾਰਤ ਹੈ। ਅਸੀਂ ਉਨ੍ਹਾਂ ਨੂੰ ਸੁਝਾਅ ਦੇ ਸਕਦੇ ਹਾਂ, ਪਰ ਫ਼ੈਸਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਉਨ੍ਹਾਂ ਦਾ ਹੈ ਅਤੇ ਸਾਡੇ ਖੇਤਰ ਵਿੱਚ ਸਾਡਾ। ਜੇ ਅਸੀਂ ਫ਼ੈਸਲਾ ਕਰ ਰਹੇ ਹੁੰਦੇ, ਤਾਂ ਕੀ ਇਸ ਵਿੱਚ ਇੰਨਾ ਸਮਾਂ ਲੱਗ ਜਾਂਦਾ?’’
ਮੈਂ ਕਦੇ ਨਹੀਂ ਕਿਹਾ ਕਿ ਕਿਸੇ ਨੂੰ 75 ਸਾਲ ਦੀ ਉਮਰ ’ਚ ਸੇਵਾਮੁਕਤ ਹੋਣਾ ਚਾਹੀਦੈ: ਭਾਗਵਤ
ਨਵੀਂ ਦਿੱਲੀ: ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਉਨ੍ਹਾਂ ਕਦੇ ਵੀ ਨਹੀਂ ਕਿਹਾ ਕਿ ਉਹ 75 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋ ਜਾਣਗੇ ਜਾਂ ਕਿਸੇ ਨੂੰ ਇਸ ਉਮਰ ’ਚ ਸੇਵਾਮੁਕਤ ਹੋਣਾ ਚਾਹੀਦਾ ਹੈ। ਭਾਗਵਤ ਦੀਆਂ ਟਿੱਪਣੀਆਂ ਨੇ ਨੇਤਾਵਾਂ ਦੀ ਸੇਵਾਮੁਕਤੀ ਬਾਰੇ ਉਨ੍ਹਾਂ ਦੀਆਂ ਹਾਲੀਆ ਟਿੱਪਣੀਆਂ ਤੇ ਕਿਆਸਅਰਾਈਆਂ ਨੂੰ ਵਿਰਾਮ ਲਗਾ ਦਿੱਤਾ ਹੈ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਵਾਲੇ ਵਜੋਂ ਦੇਖਿਆ ਜਾ ਰਿਹਾ ਸੀ। ਮੋਦੀ ਅਤੇ ਭਾਗਵਤ ਦੋਵੇਂ ਅਗਲੇ ਮਹੀਨੇ 75 ਸਾਲ ਦੇ ਹੋ ਜਾਣਗੇ। ਮੋਹਨ ਭਾਗਵਤ ਨੇ ਇੱਥੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਅਸੀਂ ਜ਼ਿੰਦਗੀ ਵਿੱਚ ਕਿਸੇ ਵੀ ਸਮੇਂ ਸੇਵਾਮੁਕਤ ਹੋਣ ਲਈ ਤਿਆਰ ਹਾਂ ਅਤੇ ਜਿੰਨਾ ਚਿਰ ਸੰਘ ਚਾਹੁੰਦਾ ਹੈ ਕਿ ਅਸੀਂ ਕੰਮ ਕਰੀਏ, ਕੰਮ ਕਰਨ ਲਈ ਤਿਆਰ ਹਾਂ।’’ 75 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋਣ ਦੇ ਮੁੱਦੇ ’ਤੇ ਭਾਗਵਤ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਨਾਗਪੁਰ ਵਿੱਚ ਮਰਹੂਮ RSS ਨੇਤਾ ਮੋਰੋਪੰਤ ਪਿੰਗਲੇ ਦਾ ਹਵਾਲਾ ਦਿੱਤਾ ਸੀ। ਭਾਗਵਤ ਨੇ ਕਿਹਾ, ‘‘ਇੱਕ ਵਾਰ ਸਾਡੇ ਪ੍ਰੋਗਰਾਮ ਵਿੱਚ ਅਸੀਂ ਸਾਰੇ ਉੱਥੇ ਆਲ ਇੰਡੀਆ ਵਰਕਰ ਸੀ ਅਤੇ ਉਨ੍ਹਾਂ (ਪਿੰਗਲੇ) ਨੇ ਆਪਣੇ 70 ਸਾਲ ਪੂਰੇ ਕੀਤੇ। ਇਸ ਲਈ ਉਨ੍ਹਾਂ ਨੂੰ ਇੱਕ ਸ਼ਾਲ ਦਿੱਤਾ ਗਿਆ ਅਤੇ ਕੁਝ ਕਹਿਣ ਲਈ ਕਿਹਾ ਗਿਆ... ਉਹ ਖੜ੍ਹੇ ਹੋ ਗਏ ਅਤੇ ਕਿਹਾ ਕਿ ‘ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਤੁਸੀਂ ਮੈਨੂੰ ਸਨਮਾਨਿਤ ਕੀਤਾ ਹੈ ਪਰ ਮੈਨੂੰ ਪਤਾ ਹੈ ਕਿ ਜਦੋਂ ਇਹ ਸ਼ਾਲ ਦਿੱਤਾ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਸ਼ਾਂਤੀ ਨਾਲ ਕੁਰਸੀ ’ਤੇ ਬੈਠੋ ਅਤੇ ਦੇਖੋ ਕੀ ਹੁੰਦਾ ਹੈ’।’’ ਆਰਐੱਸਐੱਸ ਮੁਖੀ ਨੇ ਕਿਹਾ, ‘‘ਮੈਂ ਕਦੇ ਨਹੀਂ ਕਿਹਾ ਕਿ ਮੈਂ ਸੇਵਾਮੁਕਤ ਹੋਵਾਂਗਾ ਜਾਂ ਕਿਸੇ ਹੋਰ ਨੂੰ ਸੇਵਾਮੁਕਤ ਹੋਣਾ ਚਾਹੀਦਾ ਹੈ।’’ -ਪੀਟੀਆਈ