ਭਾਗਵਤ ਨੇ ਵੰਡ ਦੇ ਦਿਨਾਂ ਨੂੰ ਕੀਤਾ ਯਾਦ
ਭਾਰਤ ਦੀ ਇਕਜੁੱਟਤਾ ’ਤੇ ਜ਼ੋਰ ਦਿੰਦਿਆਂ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਦੇਸ਼ ਦੀ ਵੰਡ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਘਰ ਦੇ ਇਕ ਕਮਰੇ ’ਤੇ ਕਿਸੇ ਨੇ ਕਬਜ਼ਾ ਕਰ ਲਿਆ ਹੈ ਅਤੇ ਉਸ ਨੂੰ ਛੁਡਵਾਉਣ ਲਈ ਸੰਘਰਸ਼ ਕਰਨਾ ਪਵੇਗਾ।’ ਇਥੇ ਸਿੰਧੀ ਕੈਂਪ ’ਚ ਗੁਰਦੁਆਰੇ ਦੇ ਉਦਘਾਟਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ, ‘‘ਦੇਸ਼ ਦੀ ਵੰਡ ਨੇ ਲੋਕਾਂ ਨੂੰ ਉਜਾੜ ਕੇ ਰੱਖ ਦਿੱਤਾ ਸੀ ਜਿਨ੍ਹਾਂ ਨੂੰ ਆਪਣੇ ਘਰ ਅਤੇ ਸਮਾਨ ਪਿੱਛੇ ਛੱਡ ਕੇ ਆਉਣਾ ਪਿਆ। ਉਨ੍ਹਾਂ ਨੂੰ ਇਕ ਦਿਨ ਇਹ ਦੁਬਾਰਾ ਹਾਸਲ ਕਰਕੇ ਮੁੜ ਤੋਂ ਆਪਣਾ ਘਰ ਬਣਾਉਣਾ ਪਵੇਗਾ। ਕਿਸੇ ਦੀ ਭਾਸ਼ਾ ਜਾਂ ਸੰਪਰਦਾਇ ਭਾਵੇਂ ਜੋ ਵੀ ਹੋਵੇ, ਅਸੀਂ ਸਾਰੇ ਇਕ ਹਾਂ, ਅਸੀਂ ਸਾਰੇ ਹਿੰਦੂ ਹਾਂ।’’ ਭਾਗਵਤ ਨੇ ਕਿਹਾ ਕਿ ਕਈ ਸਿੰਧੀ ਭਰਾਵਾਂ ਨੇ ਅਣਵੰਡੇ ਭਾਰਤ ’ਚ ਰਹਿਣ ਨੂੰ ਚੁਣਿਆ। ‘ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਪਾਕਿਸਤਾਨ ਨਹੀਂ ਗਏ। ਇਹ ਭਾਵਨਾ ਨਵੀਂ ਪੀੜ੍ਹੀ ਨੂੰ ਅਪਣਾਉਣੀ ਚਾਹੀਦੀ ਹੈ ਕਿਉਂਕਿ ਸਾਡਾ ਇਕ ਘਰ ਪਾਕਿਸਤਾਨ ’ਚ ਵੀ ਹੈ ਹਾਲਾਂਕਿ ਹਾਲਾਤ ਕਾਰਨ ਉਹ ਘਰ ਸਾਨੂੰ ਛੱਡਣਾ ਪਿਆ ਸੀ। ਇਹ ਦੋਵੇਂ ਘਰ ਕਦੇ ਵੀ ਵੱਖ ਨਹੀਂ ਹੋਏ। ਪੂਰਾ ਭਾਰਤ ਇਕ ਹੈ। ਪਰ ਸਾਡੇ ਘਰ ਦਾ ਇਕ ਕਮਰਾ ਜਿਥੇ ਮੇਰੀ ਮੇਜ਼, ਕੁਰਸੀ ਅਤੇ ਕੱਪੜੇ ਸਨ, ਉਸ ’ਤੇ ਕਿਸੇ ਨੇ ਕਬਜ਼ਾ ਕਰ ਲਿਆ ਹੈ। ਕੱਲ ਮੈਂ ਉਸ ਨੂੰ ਹਾਸਲ ਕਰਕੇ ਉਥੇ ਆਪਣਾ ਟਿਕਾਣਾ ਬਣਾਵਾਂਗਾ।’ ਏਕਤਾ ਦਾ ਸੱਦਾ ਦਿੰਦਿਆਂ ਸੰਘ ਮੁਖੀ ਨੇ ਕਿਹਾ, ‘‘ਅਸੀਂ ਸਾਰੇ ਹਿੰਦੂ ਹਾਂ। ਅੱਜ ਅਸੀਂ ਟੁੱਟੇ ਹੋਏ ਸ਼ੀਸ਼ੇ ’ਚ ਦੇਖਦੇ ਹਾਂ ਅਤੇ ਸੋਚਦੇ ਹਾਂ ਕਿ ਅਸੀਂ ਵੱਖ ਹਾਂ। ਸਾਨੂੰ ਏਕੇ ਦੀ ਲੋੜ ਹੈ। ਵਿਵਾਦ ਕਿਉਂ ਹਨ? ਅਸੀਂ ਭਾਵੇਂ ਕਿਸੇ ਵੀ ਭਾਸ਼ਾ ਜਾਂ ਫਿਰਕੇ ਨਾਲ ਜੁੜੇ ਹੋਈਏ, ਸਚਾਈ ਇਹ ਹੈ ਕਿ ਅਸੀਂ ਸਾਰੇ ਇਕ ਹਾਂ। ਅਸੀਂ ਸਾਰੇ ਹਿੰਦੂ ਹਾਂ।’’ ਭਾਗਵਤ ਨੇ ਕਿਹਾ ਕਿ ਚਲਾਕ ਅੰਗਰੇਜ਼ ਭਾਰਤ ਆਏ ਅਤੇ ਉਨ੍ਹਾਂ ਸਾਡੀ ਅਧਿਆਤਮਕ ਭਾਵਨਾ ਨੂੰ ਦੁਨਿਆਵੀ ਮਾਹੌਲ ’ਚ ਬਦਲ ਦਿੱਤਾ ਜਿਸ ਕਾਰਨ ਲੋਕ ਸਮਝਣ ਲੱਗ ਪਏ ਕਿ ਉਹ ਵੰਡੇ ਹੋਏ ਹਨ ਅਤੇ ਛੋਟੀਆਂ-ਛੋਟੀਆਂ ਗੱਲਾਂ ’ਤੇ ਲੜਨ ਲੱਗ ਪਏ। ਭਾਸ਼ਾ ਸਬੰਧੀ ਚੱਲ ਰਹੀ ਬਹਿਸ ਦਰਮਿਆਨ ਭਾਗਵਤ ਨੇ ਕਿਹਾ ਕਿ ਭਾਰਤ ’ਚ ਕਈ ਭਾਸ਼ਾਵਾਂ ਹਨ ਪਰ ਉਨ੍ਹਾਂ ਦੀ ਭਾਵਨਾ ਇਕੋ ਹੀ ਹੈ।