ਭਗਵੰਤ ਮਾਨ ਦੀ ਸਿਹਤ ਵਿਗੜੀ, ਹਸਪਤਾਲ ’ਚ ਦਾਖ਼ਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਦੇਰ ਸ਼ਾਮ ਸਿਹਤ ਵਿਗੜ ਗਈ, ਜਿਸ ਮਗਰੋਂ ਉਨ੍ਹਾਂ ਨੂੰ ਫ਼ੌਰੀ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਵੀ ਰੱਦ ਕਰ ਦਿੱਤੀ ਗਈ। ਮੁੱਖ ਮੰਤਰੀ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨਾਲ ਅੱਜ ਦੇਰ ਸ਼ਾਮ ਠੀਕ ਅੱਠ ਵਜੇ ਮੁਹਾਲੀ ਦੇ ਨਿੱਜੀ ਹਸਪਤਾਲ ਪਹੁੰਚੇ। ਡਾਕਟਰਾਂ ਦੀ ਟੀਮ ਨੇ ਫ਼ੌਰੀ ਮੁੱਖ ਮੰਤਰੀ ਦਾ ਇਲਾਜ ਸ਼ੁਰੂ ਕਰ ਦਿੱਤਾ ਅਤੇ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਆਈਸੀਯੂ ’ਚ ਰੱਖਿਆ ਗਿਆ ਹੈ। ਉਹ ਪੈਦਲ ਹਸਪਤਾਲ ਅੰਦਰ ਪਹੁੰਚੇ। ਭਗਵੰਤ ਮਾਨ ਦੋ ਦਿਨਾਂ ਤੋਂ ਬਿਮਾਰ ਸਨ ਅਤੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਰਿਹਾਇਸ਼ ’ਤੇ ਇਲਾਜ ਕਰ ਰਹੀ ਸੀ। ਅੱਜ ਜਦੋਂ ਉਨ੍ਹਾਂ ਦੀ ਸਿਹਤ ’ਚ ਕੋਈ ਖ਼ਾਸ ਸੁਧਾਰ ਨਜ਼ਰ ਨਾ ਆਇਆ ਤਾਂ ਡਾਕਟਰਾਂ ਨੇ ਮੁੱਖ ਮੰਤਰੀ ਨੂੰ ਫ਼ੌਰੀ ਹਸਪਤਾਲ ਭਰਤੀ ਕੀਤੇ ਜਾਣ ਦੀ ਸਲਾਹ ਦਿੱਤੀ। ਰਿਪੋਰਟਾਂ ਅਨੁਸਾਰ ਮੁੱਖ ਮੰਤਰੀ ਪਾਣੀ ਤੋਂ ਪੈਦਾ ਹੋਣ ਵਾਲੇ ਬੈਕਟੀਰੀਆ ਦੀ ਲਾਗ ਤੋਂ ਪੀੜਤ ਹਨ ਜਦੋਂ ਕਿ ਸੂਤਰ ਆਖਦੇ ਹਨ ਕਿ ਮੁੱਖ ਮੰਤਰੀ ਬੁਖ਼ਾਰ ਅਤੇ ਪਾਚਣ ਦੀ ਸਮੱਸਿਆ ਝੱਲ ਰਹੇ ਸਨ। ਡੀਜੀਪੀ ਗੌਰਵ ਯਾਦਵ ਮੁੱਖ ਮੰਤਰੀ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪੁੱਜੇ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰੀਬ ਸਾਲ ਪਹਿਲਾਂ ਵੀ ਸਿਹਤ ਵਿਗੜਨ ਮਗਰੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਉਹ ਪਿਛਲੇ ਵਰ੍ਹੇ 25 ਸਤੰਬਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖ਼ਲ ਹੋਏ ਸਨ ਅਤੇ ਇਲਾਜ ਮਗਰੋਂ ਉਨ੍ਹਾਂ ਨੂੰ 28 ਸਤੰਬਰ ਨੂੰ ਹਸਪਤਾਲ ’ਚੋਂ ਛੁੱਟੀ ਮਿਲੀ ਸੀ। ਮੁੱਖ ਮੰਤਰੀ ਦੀ ਖ਼ਰਾਬ ਸਿਹਤ ਦੇ ਮੱਦੇਨਜ਼ਰ ਸ਼ੁੱਕਰਵਾਰ ਸ਼ਾਮ ਹੋਣ ਵਾਲੀ ਕੈਬਨਿਟ ਦੀ ਅਹਿਮ ਮੀਟਿੰਗ ਰੱਦ ਕਰ ਦਿੱਤੀ ਗਈ। ਪੰਜਾਬ ’ਚ ਹੜ੍ਹਾਂ ਦੇ ਹਾਲਾਤ ਉਨ੍ਹਾਂ ਨਾਲ ਸਿੱਝਣ ਲਈ ਚੱਲ ਰਹੇ ਕਾਰਜਾਂ ’ਤੇ ਚਰਚਾ ਲਈ ਕੈਬਨਿਟ ਮੀਟਿੰਗ ਸੱਦੀ ਗਈ ਸੀ। ਕੈਬਨਿਟ ਮੀਟਿੰਗ ਅੱਜ ਚਾਰ ਵਜੇ ਹੋਣੀ ਤੈਅ ਸੀ ਪ੍ਰੰਤੂ ਕਰੀਬ ਤਿੰਨ ਘੰਟੇ ਪਹਿਲਾਂ ਹੀ ਮੀਟਿੰਗ ਮੁਲਤਵੀ ਕਰਨ ਦਾ ਫ਼ੈਸਲਾ ਲੈ ਲਿਆ ਗਿਆ।
ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਦੀ ਮੀਟਿੰਗ ਲਈ ਨੋਟਿਸ ਤਿੰਨ ਸਤੰਬਰ ਨੂੰ ਜਾਰੀ ਕੀਤਾ ਗਿਆ ਸੀ। ਮੁੱਖ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਗਵੰਤ ਮਾਨ ਇਨਫੈਕਸ਼ਨ ਤੋਂ ਪੀੜਤ ਹਨ। ਚੇਤੇ ਰਹੇ ਕਿ ਮੁੱਖ ਮੰਤਰੀ ਦੀ ਸਿਹਤ ਬੁੱਧਵਾਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਮਗਰੋਂ ਨਾਸਾਜ਼ ਹੋ ਗਈ ਸੀ। ਮੁੱਖ ਮੰਤਰੀ ਦੀ ਸਿਹਤ ਖ਼ਰਾਬ ਹੋਣ ਨਾਲ ਕੁੱਝ ਸਿਆਸੀ ਅਟਕਲਾਂ ਨੂੰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਮਾਮਲੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਪਠਾਣਮਾਜਰਾ ਨੇ ‘ਆਪ’ ਦੀ ਹਾਈਕਮਾਂਡ ਖ਼ਿਲਾਫ਼ ਬਿਆਨ ਦਿੱਤਾ ਸੀ ਅਤੇ ਉਨ੍ਹਾਂ ਖ਼ਿਲਾਫ਼ ਪੁਲੀਸ ਕੇਸ ਵੀ ਦਰਜ ਕੀਤਾ ਗਿਆ ਹੈ। ਉਨ੍ਹਾਂ ਦੇ 2 ਸਤੰਬਰ ਤੋਂ ਹਿਰਾਸਤ ਚੋਂ ਭੱਜਣ ਦੀ ਆਖੀ ਗਈ ਹੈ। ਉਂਝ ਪਾਰਟੀ ਲੀਡਰਸ਼ਿਪ ਇਨ੍ਹਾਂ ਸਾਰੀਆਂ ਕਿਆਸਾਂ ਨੂੰ ਖ਼ਾਰਜ ਕਰ ਰਹੀ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਿਹਤ ਵਿੱਚ ਸੁਧਾਰ ਹੋਣ ’ਤੇ ਜਲਦੀ ਹੀ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਜਾਵੇਗੀ। ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਹਨ ਜਿਨ੍ਹਾਂ ’ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਨਾ ਜਾਣਾ ਅਤੇ ਅਚਨਚੇਤ ਕੈਬਨਿਟ ਮੀਟਿੰਗ ਮੁਲਤਵੀ ਕਰਨਾ ਸ਼ਾਮਲ ਹੈ। ਪਾਰਟੀ ਆਗੂ ਆਖ ਰਹੇ ਹਨ ਕਿ ਮੁੱਖ ਮੰਤਰੀ ਦੀ ਸਿਹਤ ਠੀਕ ਨਾ ਹੋਣ ਕਰਕੇ ਹੀ ਇਹ ਪ੍ਰੋਗਰਾਮ ਮੁਲਤਵੀ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਕੇਜਰੀਵਾਲ ਮੁੱਖ ਮੰਤਰੀ ਦੀ ਸਿਹਤ ਦਾ ਪਤਾ ਲੈਣ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਵੀ ਗਏ ਸਨ।