ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਬੰਗਾਲ ਸਰਕਾਰ ਨੇ ਮੇਰੀ ਪਤਨੀ ਨੂੰ ਦਾਖ਼ਲ ਨਾ ਕਰਨ ਲਈ ਹਸਪਤਾਲ ’ਤੇ ਦਬਾਅ ਪਾਇਆ’

ਆਰਜੀ ਕਰ ਮਾਮਲੇ ਦੀ ਪੀਡ਼ਤਾ ਦੇ ਪਿਤਾ ਨੇ ਲਗਾਏ ਦੋਸ਼; ਇਨਸਾਫ਼ ਲੲੀ ਕੀਤਾ ਗਿਆ ਸੀ ਮਾਰਚ
ਪੁਲੀਸ ਵਧੀਕੀ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਯੁਵਾ ਮੋਰਚਾ ਦੇ ਕਾਰਕੁਨ। -ਫੋਟੋ: ਪੀਟੀਆਈ
Advertisement

ਆਰਜੀ ਕਰ ਹਸਪਤਾਲ ਮਾਮਲੇ ਦੀ ਪੀੜਤਾ ਦੇ ਪਿਤਾ ਨੇ ਅੱਜ ਦੋਸ਼ ਲਗਾਇਆ ਕਿ ਲੰਘੇ ਦਿਨ ਵਿਰੋਧ ਮਾਰਚ ਦੌਰਾਨ ਪੁਲੀਸ ਲਾਠੀਚਾਰਜ ਵਿੱਚ ਜ਼ਖ਼ਮੀ ਹੋਈ ਉਸ ਦੀ ਪਤਨੀ ਨੂੰ ਪੱਛਮੀ ਬੰਗਾਲ ਸਰਕਾਰ ਵੱਲੋਂ ਦਬਾਅ ਪਾਏ ਜਾਣ ਤੋਂ ਬਾਅਦ ਨਿੱਜੀ ਹਸਪਤਾਲ ਨੇ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ।

ਪੀੜਤਾ ਦੀ ਮਾਂ ਦਾ ਸ਼ਨਿਚਰਵਾਰ ਨੂੰ ਸੀਟੀ ਸਕੈਨ ਅਤੇ ਹੋਰ ਟੈਸਟ ਕੀਤੇ ਗਏ ਸਨ ਤਾਂ ਜੋ ਅੰਦਰੂਨੀ ਸੱਟਾਂ ਦਾ ਗੰਭੀਰਤਾ ਨਾਲ ਮੁਲਾਂਕਣ ਕੀਤਾ ਜਾ ਸਕੇ। ਉਸ ਦੇ ਮੱਥੇ, ਹੱਥ ਅਤੇ ਪਿੱਠ ’ਤੇ ਸੱਟਾਂ ਲੱਗੀਆਂ ਸਨ। ਹਸਪਤਾਲ ਦੇ ਅਧਿਕਾਰੀਆਂ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਮਾਮਲੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Advertisement

ਪੀੜਤਾ ਦੇ ਪਿਤਾ ਨੇ ਦੱਸਿਆ ਕਿ ਸ਼ਨਿਚਰਵਾਰ ਸ਼ਾਮ ਨੂੰ ਜਦੋਂ ਉਸ ਦੀ ਪਤਨੀ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਸਲਾਹ ਦਿੱਤੀ ਸੀ ਕਿ ਮਰੀਜ਼ ਨੂੰ ਘੱਟੋ ਘੱਟ ਦੋ ਦਿਨ ਹਸਪਤਾਲ ਵਿੱਚ ਰਹਿਣਾ ਹੋਵੇਗਾ। ਅੱਜ ਦੁਪਹਿਰ ਵੇਲੇ, ਪੀੜਤਾ ਦੀ ਮਾਂ ਨੂੰ ਹਸਪਤਾਲ ਦੇ ਅਧਿਕਾਰੀਆਂ ਨੇ ਛੁੱਟੀ ਦੇ ਦਿੱਤੀ, ਜਿਸ ਨੂੰ ਰਾਤ ਭਰ ਹਸਪਤਾਲ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ।

ਪੀੜਤਾ ਦੀ ਮਾਂ ਨੇ ਸ਼ਨਿਚਰਵਾਰ ਨੂੰ ਦੋਸ਼ ਲਗਾਇਆ ਕਿ ਪੱਛਮੀ ਬੰਗਾਲ ਸੂਬਾ ਸਕੱਤਰੇਤ ‘ਨੱਬਾਨ’ ਤੱਕ ਮਾਰਚ ਦੌਰਾਨ ਮਹਿਲਾ ਪੁਲੀਸ ਮੁਲਾਜ਼ਮਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ। ਇਹ ਮਾਰਚ ਸਰਕਾਰੀ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਉਸ ਦੀ ਧੀ ਨਾਲ ਜਬਰ-ਜਨਾਹ ਤੇ ਹੱਤਿਆ ਦੀ ਘਟਨਾ ਦਾ ਇਕ ਸਾਲ ਪੂਰਾ ਹੋਣ ’ਤੇ ਕੀਤਾ ਗਿਆ ਸੀ।

ਹਸਪਤਾਲ ਸਟਾਫ ਦੇ ਰਵੱਈਏ ’ਚ ਬਦਲਾਅ

ਪੀੜਤਾ ਦੇ ਪਿਤਾ ਨੇ ਦੋਸ਼ ਲਗਾਇਆ, ‘‘ਸ਼ਨਿਚਰਵਾਰ ਸ਼ਾਮ ਨੂੰ ਮੇਰੀ ਪਤਨੀ ਦੀ ਜਾਂਚ ਕਰਨ ਵਾਲੇ ਡਾਕਟਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਲਾਜ ਲਈ ਦਾਖ਼ਲ ਕੀਤਾ ਜਾਵੇਗਾ ਪਰ ਡਾਕਟਰ ਦੇ ਹਸਪਤਾਲ ਤੋਂ ਜਾਣ ਮਗਰੋਂ ਹਸਪਤਾਲ ਵਿੱਚ ਹੋਰ ਲੋਕਾਂ ਦੇ ਰਵੱਈਏ ਵਿੱਚ ਅਚਾਨਕ ਬਦਲਾਅ ਆ ਗਿਆ। ਉਹ ਟਾਲਾ ਵੱਟਣ ਲੱਗੇ। ਫਿਰ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੇਰੀ ਪਤਨੀ ਨੂੰ ਦਾਖ਼ਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ’ਤੇ ਕੁਝ ਦਬਾਅ ਹੈ।’’ ਪੀੜਤਾ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੇ ਡਾਕਟਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਭਰਤੀ ਕਰਨ ਦੇ ਮਾਮਲੇ ’ਤੇ ਵਿਸਥਾਰ ਨਾਲ ਗੱਲ ਨਹੀਂ ਕਰ ਸਕਣਗੇ। ਪੀੜਤਾ ਦੇ ਪਿਤਾ ਨੇ ਕਿਹਾ, ‘‘ਹਾਲਾਂਕਿ, ਉਨ੍ਹਾਂ ਨੇ ਮੈਨੂੰ ਭਰੋੋਸਾ ਦਿੱਤਾ ਕਿ ਮੇਰੀ ਪਤਨੀ ਨੂੰ ਦਿੱਤੀਆਂ ਗਈਆਂ ਦਵਾਈਆਂ ਉਸ ਨੂੰ ਠੀਕ ਕਰਨ ਲਈ ਕਾਫੀ ਹੋਣਗੀਆਂ।’’

ਦੋ ਭਾਜਪਾ ਵਿਧਾਇਕ ਨਾਮਜ਼ਦ ਤੇ ਸੱਤ ਕੇਸ ਦਰਜ

ਕੋਲਕਾਤਾ: ਆਰਜੀ ਕਰ ਮਾਮਲੇ ਨੂੰ ਇਕ ਸਾਲ ਪੂਰਾ ਹੋਣ ’ਤੇ ਕੀਤੇ ਗਏ ਰੋਸ ਮਾਰਚਾਂ ਦੌਰਾਨ ਪੁਲੀਸ ਅਧਿਕਾਰੀਆਂ ’ਤੇ ਹਮਲਾ ਕਰਨ ਦੇ ਦੋਸ਼ ਹੇਠ ਦੋ ਭਾਜਪਾ ਵਿਧਾਇਕਾਂ ਨੂੰ ਨਾਮਜ਼ਦ ਕਰਨ ਸਣੇ ਸੱਤ ਕੇਸ ਦਰਜ ਕੀਤੇ ਗਏ ਹਨ। ਇੱਕ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ ਕੋਲਕਾਤਾ ਪੁਲੀਸ ਨੇ ਇੱਕ ਦਿਨ ਪਹਿਲਾਂ ਪੱਛਮੀ ਬੰਗਾਲ ਸਕੱਤਰੇਤ ਤੱਕ ਮਾਰਚ ਦੌਰਾਨ ਪੁਲੀਸ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਫਰਜ਼ ਨਿਭਾਉਣ ਤੋਂ ਰੋਕਣ, ਉਨ੍ਹਾਂ ’ਤੇ ਹਮਲਾ ਕਰਨ ਅਤੇ ਜਨਤਕ ਸੰਪਤੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿੱਚ ਦੋ ਭਾਜਪਾ ਵਿਧਾਇਕਾਂ, ਇੱਕ ਪਾਰਟੀ ਆਗੂ ਅਤੇ ਹੋਰਾਂ ਵਿਰੁੱਧ ਸੱਤ ਕੇਸ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਿਧਾਇਕ ਅਸ਼ੋਕ ਡਿੰਡਾ, ਅਗਨੀਮਿਤਰਾ ਪਾਲ ਅਤੇ ਪਾਰਟੀ ਆਗੂ ਕੌਸਤਵ ਬਾਗਚੀ ਅਤੇ ਹੋਰਾਂ ’ਤੇ ਭਾਰਤੀ ਨਿਆ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਅੱਜ ਭਾਜਪਾ ਕਾਰਕੁਨਾਂ ਨੇ ਕੋਲਕਾਤਾ ਨੇੜੇ ਸਾਲਟ ਲੇਕ ਖੇਤਰ ਵਿੱਚ ਕੁਝ ਸਮੇਂ ਲਈ ਸੜਕਾਂ ਜਾਮ ਕਰ ਦਿੱਤੀਆਂ। ਇੱਕ ਦਿਨ ਪਹਿਲਾਂ ਪੱਛਮੀ ਬੰਗਾਲ ਸਕੱਤਰੇਤ ਨਬੱਨਾ ਤੱਕ ਰੋਸ ਮਾਰਚ ਦੌਰਾਨ ਪੁਲੀਸ ਦੀ ਕਥਿਤ ਵਧੀਕੀ ਦਾ ਵਿਰੋਧ ਕਰਨ ਅਤੇ ਪਿਛਲੇ ਸਾਲ ਆਰਜੀ ਕਰ ਹਸਪਤਾਲ ਦੀ ਮਹਿਲਾ ਡਾਕਟਰ ਜਿਸ ਨਾਲ ਜਬਰ-ਜਨਾਹ ਅਤੇ ਕਤਲ ਕੀਤਾ ਗਿਆ ਸੀ, ਲਈ ਇਨਸਾਫ਼ ਦੀ ਮੰਗ ਕੀਤੀ ਗਈ।

Advertisement